ਭਾਰਤੀ ਔਰਤ ਨੂੰ ਯੂ.ਏ.ਈ. ਨੇ ਦਿੱਤੀ ਆਪਣੇ ਦੇਸ਼ ਜਾਣ ਦੀ ਮਨਜ਼ੂਰੀ

Tuesday, Aug 07, 2018 - 10:38 PM (IST)

ਭਾਰਤੀ ਔਰਤ ਨੂੰ ਯੂ.ਏ.ਈ. ਨੇ ਦਿੱਤੀ ਆਪਣੇ ਦੇਸ਼ ਜਾਣ ਦੀ ਮਨਜ਼ੂਰੀ

ਦੁਬਈ—  ਸੰਯੁਕਤ ਅਰਬ ਅਮੀਰਾਤ 'ਚ ਸਾਬਕਾ ਮਾਲਕ ਵੱਲੋਂ ਗਲਤ ਤਰੀਕੇ ਨਾਲ ਭਗੌੜਾ ਐਲਾਨ ਕੀਤੇ ਜਾਣ ਤੋਂ ਬਾਅਦ 4 ਮਹੀਨੇ ਤੋਂ ਫੱਸੀ ਭਾਰਤੀ ਔਰਤ ਨੂੰ ਅਧਿਕਾਰੀਆਂ ਨੇ ਇਥੇ ਬਾਹਰ ਜਾਣ ਦੀ ਮਨਜ਼ੂਰੀ ਦੇ ਦਿੱਤੀ। ਇਸ ਤੋਂ ਇਲਾਵਾ ਉਸ ਵੱਲੋਂ ਦਿੱਤੇ ਗਏ ਜੁਰਮਾਨੇ ਦੇ ਪੈਸਿਆਂ 'ਚੋਂ ਕੁਝ ਰਾਸ਼ੀ ਵਾਪਸ ਕਰ ਦਿੱਤੀ ਗਈ। ਗਲਫ ਨਿਊਜ਼ ਦੀ ਰਿਪੋਰਟ ਮੁਤਾਬਕ ਇਕ ਆਈ.ਟੀ. ਕੰਪਨੀ 'ਚ ਪ੍ਰਸ਼ਾਸਨਿਕ ਕਾਰਜਕਾਰੀ ਦੇ ਤੌਰ 'ਤੇ ਕੰਮ ਕਰਨ ਲਈ ਬੈਂਗਲੁਰੂ ਨਿਵਾਸੀ ਗੀਤਾ ਕ੍ਰਿਸ਼ਣਾਮੁਰਤੀ 2015 'ਚ ਰੋਜ਼ਗਾਰ ਵੀਜ਼ਾ 'ਤੇ ਯੂ.ਏ.ਈ. ਆਈ ਸੀ। ਜਨਵਰੀ 2017 'ਚ ਉਹ ਭਾਰਤ ਛੁੱਟੀਆਂ ਮਨਾਉਣ ਗਈ ਸੀ। ਇਸੇ ਦੌਰਾਨ ਉਸ ਦੀ ਕੰਪਨੀ ਬੰਦ ਹੋ ਗਈ ਜਿਸ ਕਾਰਨ ਉਹ ਵਾਪਸ ਨਹੀਂ ਆਈ। ਇਸ ਸਾਲ ਮਾਰਚ 'ਚ ਗੀਤਾ ਭਾਰਤ 'ਚ ਸਥਿਤ ਯੂ.ਏ.ਈ. ਦੂਤਘਰ ਗਈ। ਉਸ ਨੇ ਆਪਣਾ ਰੋਜ਼ਗਾਰ ਵੀਜ਼ਾ ਰੱਦ ਕਰਵਾ ਦਿੱਤਾ ਤੇ ਨੌਕਰੀ ਲੱਭਣ ਲਈ ਇਕ ਮਹੀਨੇ ਦਾ ਟੂਰਿਸਟ ਵੀਜ਼ਾ ਲੈ ਕੇ ਯੂ.ਏ.ਈ. ਗਈ।
ਨੌਕਰੀ ਨਾ ਮਿਲਣ 'ਤੇ ਉਸ ਨੇ ਵਾਪਸ ਆਉਣ ਦਾ ਫੈਸਲਾ ਕੀਤਾ। ਰਿਪੋਰਟ 'ਚ ਦੱਸਿਆ ਕਿ ਗੀਤਾ ਨੂੰ ਦੁਬਈ ਹਵਾਈ ਅੱਡੇ 'ਤੇ ਰੋਕ ਦਿੱਤਾ ਗਿਆ ਕਿਉਂਕਿ ਸਾਬਕਾ ਮਾਲਕ ਨੇ ਉਸ ਨੂੰ ਭਗੌੜਾ ਸੂਚੀ 'ਚ ਪਾ ਦਿੱਤਾ ਸੀ। ਗੀਤਾ ਨੇ ਦੱਸਿਆ ਕਿ ਮਾਲਕ ਨਾਲ ਸੰਪਰਕ ਕਰਨ 'ਤੇ ਉਸ ਨੇ 10000 ਦਿਰਹਮ ਮੰਗੇ। ਉਸ ਨੇ ਦੋਸਤ ਤੋਂ ਪੈਸੇ ਲੈ ਕੇ ਵਕੀਲ ਕੀਤਾ ਪਰ ਕੋਈ ਨਤੀਜਾ ਨਹੀਂ ਆਇਆ। ਆਖਿਰ 'ਚ ਉਹ ਦੁਬਈ 'ਚ ਜਨਰਲ ਡਾਇਰੈਕਟਰ ਆਫ ਰੈਜ਼ੀਡੈਂਟ ਐਂਡ ਫਾਰੇਨਰਸ ਅਫੇਅਰ (ਜੀ.ਡੀ.ਆਰ.ਐੱਫ.ਏ.) ਕੋਲ ਗਈ ਤੇ 220 ਦਿਰਹਮ ਜੁਰਮਾਨਾ ਤੇ 520 ਦਿਰਹਮ ਆਪਣੀ ਫਾਈਲ ਤੋਂ ਫਰਾਰ ਹੋਣ ਦਾ ਲੇਬਲ ਹਟਾਉਣ ਲਈ ਦਿੱਤੇ। ਜੀ.ਡੀ.ਆਰ.ਐੱਫ.ਏ. ਦੇ ਅਧਿਕਾਰੀਆਂ ਨੇ ਉਸ ਦੇ ਮਾਮਲੇ ਨੂੰ ਦੇਖਿਆ ਤੇ ਇਕ ਘੰਟੇ ਦੇ ਅੰਦਰ ਬਾਹਰ ਜਾਣ ਦੀ ਮਨਜ਼ੂਰੀ ਦੇ ਦਿੱਤੀ ਤੇ ਨਾਲ ਹੀ ਉਸ ਦੇ 500 ਦਿਰਹਮ ਵੀ ਵਾਪਸ ਕਰ ਦਿੱਤੇ।


Related News