UAE 'ਚ ਡਰਾਈਵਿੰਗ ਕਰਦੇ ਸਮੇਂ ਇਹ ਗ਼ਲਤੀ ਪਵੇਗੀ ਭਾਰੀ, ਲੱਗੇਗਾ 10 ਹਜ਼ਾਰ ਤੋਂ ਵੱਧ ਦਾ ਜੁਰਮਾਨਾ

Saturday, Feb 05, 2022 - 12:23 PM (IST)

UAE 'ਚ ਡਰਾਈਵਿੰਗ ਕਰਦੇ ਸਮੇਂ ਇਹ ਗ਼ਲਤੀ ਪਵੇਗੀ ਭਾਰੀ, ਲੱਗੇਗਾ 10 ਹਜ਼ਾਰ ਤੋਂ ਵੱਧ ਦਾ ਜੁਰਮਾਨਾ

ਦੁਬਈ : ਸੜਕ ’ਤੇ ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ ਲਈ ਸੰਯੁਕਤ ਅਰਬ ਅਮੀਰਾਤ ਵਿਚ ਇਕ ਨਵੀਂ ਮੁਹਿੰਮ ਚਲਾਈ ਜਾ ਰਹੀ ਹੈ। ਯੂ.ਏ.ਈ. ਦੇ ਅਧਿਕਾਰੀਆਂ ਨੇ ਸੁਰੱਖਿਅਤ ਡਰਾਈਵਿੰਗ ਨੂੰ ਉਤਸ਼ਾਹਿਤ ਕਰਨ ਅਤੇ ਪੈਦਲ ਚੱਲਣ ਵਾਲਿਆਂ ਨੂੰ ਸੜਕ ਪਾਰ ਕਰਨ ਵੇਲੇ ਡਰਾਈਵਰਾਂ ਵੱਲੋਂ ਪਹਿਲ ਦੇਣ ਦੀ ਅਪੀਲ ਕਰਨ ਲਈ ਇਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਜੇਕਰ ਕੋਈ ਡਰਾਈਵਰ ਪੈਦਲ ਚੱਲਣ ਵਾਲੇ ਯਾਤਰੀ ਨੂੰ ਸੜਕ ਪਾਰ ਕਰਨ ਲਈ ਰਸਤਾ ਨਹੀਂ ਦਿੰਦਾ ਹੈ ਤਾਂ ਉਸ ਨੂੰ 500 ਦਿਰਹਮ ਯਾਨੀ 10 ਹਜ਼ਾਰ ਤੋਂ ਵੱਧ ਦਾ ਜੁਰਮਾਨਾ ਵੀ ਲਗਾਇਆ ਜਾਵੇਗਾ।

ਇਹ ਵੀ ਪੜ੍ਹੋ: ਅਹਿਮ ਖ਼ਬਰ: UAE ’ਚ ਲਾਗੂ ਹੋਇਆ ਨਵਾਂ ਕਾਨੂੰਨ, ਹੁਣ ਭਾਰਤੀਆਂ ਨੂੰ ਮਿਲਣਗੇ ਇਹ ਅਧਿਕਾਰ

ਯੂ.ਏ.ਈ. ਦੇ ਗ੍ਰਹਿ ਮੰਤਰਾਲਾ ਨੇ ਸੜਕ ਦਾ ਇਸਤੇਮਾਲ ਕਰਨ ਵਾਲਿਆਂ ਲਈ ਟਰੈਫਿਕ ਜਾਗਰੂਕਤਾ ਵਧਾਉਣ ਲਈ ਫੈਡਰਲ ਟਰੈਫਿਕ ਕੌਂਸਲ ਦੀ ਨੁਮਾਇੰਦਗੀ ਵਿਚ 2022 ਦੀ ਪਹਿਲੀ ਟਰੈਫਿਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ। ਇਸ ਜਾਗਰੂਕਤਾ ਮੁਹਿੰਮ ਦਾ ਨਾਅਰਾ ਹੈ- (ਪੈਦਲ ਚੱਲਣ ਵਾਲਿਆਂ ਅਤੇ ਡਰਾਈਵਰਾਂ ਨੂੰ ਕੁਚਲਣ ਵਾਲੇ ਹਾਦਸਿਆਂ ਤੋਂ ਬਚਾਉਣਾ)। ਇਹ ਜਾਗਰੂਕਤਾ ਮੁਹਿੰਮ 1 ਫਰਵਰੀ ਤੋਂ ਸ਼ੁਰੂ ਹੋਈ ਹੈ ਅਤੇ 3 ਮਹੀਨੇ ਤੱਕ ਚੱਲੇਗੀ। ਇਸ ਮੁਹਿੰਮ ਦਾ ਉਦੇਸ਼ ਕਾਰ ਚਾਲਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ਦੀ ਯਾਦ ਦਿਵਾਉਣਾ ਅਤੇ ਸਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੈਦਲ ਚੱਲਣ ਵਾਲਿਆਂ ਨੂੰ ਜ਼ੈਬਰਾ ਕਰਾਸਿੰਗ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨਾ ਹੈ। 

ਇਹ ਵੀ ਪੜ੍ਹੋ: ਭਾਰਤੀ ਏਜੰਸੀਆਂ ਨੂੰ ਮਿਲੀ ਵੱਡੀ ਸਫ਼ਲਤਾ, ਮੁੰਬਈ ਧਮਾਕੇ ’ਚ ਸ਼ਾਮਲ ਅੱਤਵਾਦੀ UAE ’ਚ ਗ੍ਰਿਫ਼ਤਾਰ

ਫੈਡਰਲ ਟਰੈਫਿਕ ਕੌਂਸਲ ਦੇ ਚੇਅਰਮੈਨ ਮੁਹੰਮਦ ਸੈਫ ਅਲ ਜਾਫੀਨ ਨੇ ਦੱਸਿਆ ਕਿ ਗ੍ਰਹਿ ਮੰਤਰਾਲਾ ਵੱਲੋਂ ਰਾਜ ਪੱਧਰ ’ਤੇ ਇਹ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸੜਕਾਂ ’ਤੇ ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ ਦੀ ਗਾਰੰਟੀ ਦਿੰਦੀ ਹੈ ਤਾਂ ਜੋ ਦੁਰਘਟਨਾਵਾਂ, ਸੱਟਾਂ ਅਤੇ ਮੌਤਾਂ ਨੂੰ ਘੱਟ ਕੀਤਾ ਜਾ ਸਕੇ। ਟਰੈਫਿਕ ਅਧਿਕਾਰੀਆਂ ਨੇ ਇਸ ਮੁਹਿੰਮ ਬਾਰੇ ਕਿਹਾ ਹੈ ਕਿ ਡਰਾਈਵਰਾਂ ਨੂੰ ਸਹਿਣਸ਼ੀਲ ਹੋਣ ਦੀ ਲੋੜ ਹੈ। ਉਨ੍ਹਾਂ ਨੂੰ ਚੌਕਾਂ, ਸਕੂਲਾਂ ਅਤੇ ਵਿਦਿਅਕ ਅਦਾਰਿਆਂ ਦੇ ਨੇੜੇ ਸੁਰੱਖਿਆ ਦੇ ਮੱਦੇਨਜ਼ਰ ਪੈਦਲ ਚੱਲਣ ਵਾਲੇ ਲੋਕਾਂ ਨੂੰ ਰਸਤਾ ਦੇਣਾ ਚਾਹੀਦਾ ਹੈ। ਡਰਾਈਵਰਾਂ ਨੂੰ ਟਰੈਫਿਕ ਸੰਕੇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਢੁਕਵੀਂ ਗਤੀ ਨਾਲ ਗੱਡੀ ਚਲਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਅਮਰੀਕਾ ਦੇ ਟੈਕਸਾਸ ’ਚ ਬਰਫੀਲਾ ਤੂੁਫਾਨ, 3.50 ਲੱਖ ਘਰਾਂ ਦੀ ਬਿਜਲੀ ਗੁਲ

ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਕੋਈ ਡਰਾਈਵਰ ਪੈਦਲ ਚੱਲਣ ਵਾਲਿਆਂ ਨੂੰ ਰਸਤਾ ਨਹੀਂ ਦਿੰਦਾ ਤਾਂ ਉਸ ਨੂੰ 10 ਹਜ਼ਾਰ ਤੋਂ ਵੱਧ ਜੁਰਮਾਨਾ ਕੀਤਾ ਜਾਵੇਗਾ ਅਤੇ ਉਸ ਨੂੰ 6 ਬਲੈਕ ਪੁਆਇੰਟ ਵੀ ਦਿੱਤੇ ਜਾਣਗੇ। ਲੋਕਾਂ ਨੂੰ ਜਾਯਵਾਕਿੰਗ ਯਾਨੀ ਟਰੈਫਿਕ ਨਿਯਮਾਂ ਦੇ ਖ਼ਿਲਾਫ਼ ਸੜਕ ਪਾਰ ਕਰਨ ਨੂੰ ਲੈ ਕੇ ਵੀ ਚਿਤਾਵਨੀ ਦਿੱਤੀ ਗਈ ਹੈ। ਪੈਦਲ ਚੱਲਣ ਵਾਲਿਆਂ ਨੂੰ ਫੁੱਟਬ੍ਰਿਜ ਅਤੇ ਜ਼ੈਬਰਾ ਕਰਾਸਿੰਗ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਯੂ.ਏ.ਈ. ਵਿਚ ਜਾਯਵਾਕਿੰਗ ’ਤੇ 400 ਦਿਰਹਮ ਯਾਨੀ 8 ਹਜ਼ਾਰ ਤੋਂ ਜ਼ਿਆਦਾ ਦਾ ਜ਼ੁਰਮਾਨਾ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News