UAE : ਕਾਨੂੰਨ ''ਚ ਬਦਲਾਅ ਹੁਣ ਪਤਨੀ ਵੀ ਕਰ ਸਕਦੀ ਹੈ ਨੌਕਰੀ
Tuesday, Feb 04, 2020 - 08:08 PM (IST)

ਦੁਬਈ - ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਕਾਨੂੰਨ ਵਿਚ ਬਦਲਾਅ ਕਰਦੇ ਹੋਏ ਫੈਸਲਾ ਕੀਤਾ ਹੈ ਕਿ ਨੌਕਰੀ ਲਈ ਪਤਨੀ ਦਾ ਘਰ ਤੋਂ ਨਿਕਲਣਾ ਪਤੀ ਲਈ ਉਸ ਦਾ ਆਪਣੇ ਫਰਜ਼ ਤੋਂ ਭੱਜਣਾ ਨਹੀਂ ਹੋਵੇਗਾ। ਅਰਬ ਵਿਚ 2005 ਵਿਚ ਜਾਰੀ ਕੀਤੇ ਗਏ ਕਾਨੂੰਨ ਨੰਬਰ 28 ਵਿਚ ਸੋਧ ਕਰਦੇ ਹੋਏ ਸਾਫ ਕੀਤਾ ਕਿ ਜੇਕਰ ਪਤਨੀ ਸ਼ਰੀਅਤ ਜਾਂ ਪਰੰਪਰਾ ਜਾਂ ਜ਼ਰੂਰਤ ਜਾਂ ਰੁਜ਼ਗਾਰ ਲਈ ਘਰ ਤੋਂ ਨਿਕਲਦੀ ਹੈ ਤਾਂ ਇਹ ਪਤੀ ਦੇ ਫਰਜ਼ ਤੋਂ ਬਚਣਾ ਜਾਂ ਇਸ ਦੇ ਪਾਲਨ ਵਿਚ ਕਮੀ ਕਰਨਾ ਨਹੀਂ ਮੰਨਿਆ ਜਾਵੇਗਾ।
ਕਾਜ਼ੀ ਨੂੰ ਇਸ ਸਬੰਧ ਵਿਚ ਪਰਿਵਾਰ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਣਾ ਹੋਵੇਗਾ। ਅਰਬ ਦੇ ਕਾਨੂੰਨ ਵਿਚ ਪਤੀ ਲਈ ਪਤਨੀ 'ਤੇ 3 ਅਧਿਕਾਰ ਤੈਅ ਹਨ। ਪਹਿਲਾ ਅਧਿਕਾਰ ਇਹ ਹੈ ਕਿ ਪਤਨੀ ਘਰ ਦੀ ਨਿਗਰਾਨੀ ਕਰੇਗੀ। ਦੂਜਾ ਅਧਿਕਾਰ ਇਹ ਹੈ ਕਿ ਉਸ ਦੇ ਸਮਾਨ ਦੀ ਹਿਫਾਜ਼ਤ ਕਰੇਗੀ ਅਤੇ ਤੀਜਾ ਅਧਿਕਾਰ ਸ਼ਰੀਅਤ ਦੇ ਤੌਰ 'ਤੇ ਕੋਈ ਰੁਕਾਵਟ ਨਾ ਹੋਣ 'ਤੇ ਆਪਣੇ ਬੱਚਿਆਂ ਪਾਲਣ-ਪੋਸ਼ਣ ਕਰਨ ਦਾ ਹੈ। ਇਸ ਵਿਚ ਸ਼ਰੀਅਤ ਵੱਲੋਂ ਤੈਅ ਕੀਤੇ ਗਏ ਹੋਰ ਅਧਿਕਾਰ ਵੀ ਸ਼ਾਮਲ ਹੋਣਗੇ। ਅਰਬ ਦੇ ਕਾਨੂੰਨ ਵਿਚ 5 ਅਜਿਹੀਆਂ ਸੂਰਤਾਂ ਨੂੰ ਦੱਸਿਆ ਗਿਆ ਹੈ ਕਿ ਜਿਨ੍ਹਾਂ ਵਿਚ ਪਤੀ 'ਤੇ ਪਤਨੀ ਦਾ ਭਰਣ-ਪੋਸ਼ਣ ਉਸੇ ਤਰ੍ਹਾਂ ਨਹੀਂ ਰਹਿੰਦਾ। ਜ਼ਿਕਰਯੋਗ ਹੈ ਕਿ ਸੰਯੁਕਤ ਅਰਬ ਅਮੀਰਾਤ ਸਮੇਤ ਜ਼ਿਆਦਾਤਰ ਮੁਸਲਿਮ ਦੇਸ਼ਾਂ ਵਿਚ ਇਸ ਤਰ੍ਹਾਂ ਦੇ ਕਾਨੂੰਨ ਦੇ ਤਹਿਤ ਪਤਨੀ, ਪਤੀ ਦੀ ਇਜਾਜ਼ਤ ਦੇ ਬਿਨਾਂ ਘਰ ਤੋਂ ਬਾਹਰ ਨਹੀਂ ਜਾ ਸਕਦੀ ਹੈ।