ਯੂ. ਕੇ. : ਬੈੱਡਫੋਰਡ ਵਿਖੇ ਦੋ ਰੋਜ਼ਾ 25ਵਾਂ ਸ਼ਹੀਦੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ
Saturday, Jul 16, 2022 - 10:37 PM (IST)
ਗਲਾਸਗੋ/ਬੈੱਡਫੋਰਡ (ਮਨਦੀਪ ਖੁਰਮੀ ਹਿੰਮਤਪੁਰਾ) : ਸ਼ਹੀਦੀ ਸਪੋਰਟਸ ਕੌਂਸਲ ਬੈੱਡਫੋਰਡ ਵੱਲੋਂ ਖਾਲਸਾ ਫੁੱਟਬਾਲ ਫੈਡਰੇਸ਼ਨ ਦੇ ਸਹਿਯੋਗ ਨਾਲ ਦੋ ਰੋਜ਼ਾ 25ਵਾਂ ਸ਼ਹੀਦੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਇਸ ਮੇਲੇ ਦੀ ਖੂਬਸੂਰਤੀ ਇਹ ਸੀ ਕਿ ਇਹ ਖੇਡ ਮੇਲਾ ਪੰਜਾਬ ਦੇ ਖੇਡ ਮੇਲਿਆਂ ਵਰਗਾ ਹੀ ਪ੍ਰਤੀਤ ਹੋ ਰਿਹਾ ਸੀ। ਯੂ.ਕੇ. ਦੇ ਪ੍ਰਸਿੱਧ ਖੇਡ ਮੇਲਿਆਂ ’ਚੋਂ ਇਕ ਗਿਣੇ ਜਾਂਦੇ ਇਸ ਸ਼ਹੀਦੀ ਖੇਡ ਮੇਲੇ ਦੌਰਾਨ ਐਥਲੈਟਿਕਸ, ਫੁੱਟਬਾਲ, ਵਾਲੀਬਾਲ ਤੇ ਰੱਸਾਕਸ਼ੀ ਦੇ ਮੁਕਾਬਲੇ ਖਿੱਚ ਦਾ ਕੇਂਦਰ ਬਣੇ। ਸੈਂਕੜਿਆਂ ਦੀ ਤਾਦਾਦ ’ਚ ਪਹੁੰਚੇ ਖਿਡਾਰੀਆਂ ਨੇ ਆਪੋ-ਆਪਣੀ ਖੇਡ ਕਲਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਹਿੱਲਗਰਾਊਂਡਜ਼ ਲੈਜ਼ਰ, ਹਿੱਲਗਰਾਊਂਡਜ਼ ਰੋਡ ਕੈਂਪਸਟਨ (ਬੈੱਡਫੋਰਡ) ਵਿਖੇ ਹੋਏ ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਦੋਵੇਂ ਦਿਨ ਹੀ ਹਜ਼ਾਰਾਂ ਦੀ ਤਾਦਾਦ ’ਚ ਦਰਸ਼ਕਾਂ ਨੇ ਹਾਜ਼ਰੀ ਭਰੀ।
ਇਸ ਖੇਡ ਮੇਲੇ ਨੂੰ ਸਫਲ ਬਣਾਉਣ ਲਈ ਖਿਡਾਰੀਆਂ, ਦਰਸ਼ਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਇਸ ਖੇਡ ਮੇਲੇ ਦੀ ਸਫਲਤਾ ਸੰਬੰਧੀ ਇਸ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਬਲਬੀਰ ਸਿੰਘ ਰੰਧਾਵਾ, ਵਾਈਸ ਚੇਅਰਮੈਨ ਸ਼ਮਿੰਦਰ ਸਿੰਘ ਗਰਚਾ, ਸਰਵਣ ਮੰਡੇਰ, ਜਨਰਲ ਸਕੱਤਰ ਬਲਵੰਤ ਸਿੰਘ ਗਿੱਲ, ਖਜ਼ਾਨਚੀ, ਜਸਵੰਤ ਸਿੰਘ ਗਿੱਲ, ਸੁਖਪਾਲ ਸਿੰਘ ਗਿੱਲ, ਬਲਵੀਰ ਸਿੰਘ ਢੀਂਡਸਾ, ਸਤਿੰਦਰ ਸਿੰਘ ਸੰਘਾ, ਕੁਲਵਿੰਦਰ ਸਿੰਘ ਕਲੇਰ, ਜ਼ੋਰਾਵਰ ਸਿੰਘ ਢਿੱਲੋਂ, ਸਨੀ, ਬਲਦੇਵ ਸਿੰਘ ਗੋਲਡੀ ਨੇ ਕਿਹਾ ਕਿ ਬੈੱਡਫੋਰਡ ਸ਼ਹੀਦੀ ਟੂਰਨਾਮੈਂਟ ਯੂ.ਕੇ. ਦੇ ਸਿਰਕੱਢ ਟੂਰਨਾਮੈਂਟਾਂ ’ਚੋਂ ਇਕ ਹੈ, ਜਿਥੇ ਨੌਜਵਾਨੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸਮੂਹ ਭਾਈਚਾਰੇ ਵੱਲੋਂ ਹਮੇਸ਼ਾ ਹੀ ਅਥਾਹ ਸਹਿਯੋਗ ਦਿੱਤਾ ਜਾਂਦਾ ਹੈ।
ਸਾਬਕਾ ਮੇਅਰ ਅਤੇ ਪ੍ਰਸਿੱਧ ਕਹਾਣੀਕਾਰ ਬਲਵੰਤ ਸਿੰਘ ਗਿੱਲ ਨੇ ਕਿਹਾ ਕਿ ਬੈੱਡਫੋਰਡ ਦੇ ਸਮੂਹ ਭਾਈਚਾਰੇ ਅਤੇ ਚਾਰੇ ਧਾਰਮਿਕ ਸੰਸਥਾਵਾਂ ਵੱਲੋਂ ਵੱਡਾ ਸਹਿਯੋਗ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਹਿਯੋਗ ਦੀ ਬਦੌਲਤ ਹੀ ਹਰ ਸਾਲ ਖੇਡ ਮੇਲਾ ਵਿਲੱਖਣ ਪੈੜਾਂ ਛੱਡ ਜਾਂਦਾ ਹੈ।