ਲੰਡਨ 'ਚ ਘਰ ਨੂੰ ਲੱਗੀ ਭਿਆਨਕ ਅੱਗ, 2 ਬੱਚਿਆਂ ਸਣੇ 4 ਦੀ ਮੌਤ
Friday, Nov 19, 2021 - 05:27 PM (IST)

ਲੰਡਨ (ਭਾਸ਼ਾ)- ਇੱਥੇ ਇਕ ਘਰ ਵਿਚ ਅੱਗ ਲੱਗਣ ਕਾਰਨ 2 ਔਰਤਾਂ ਅਤੇ 2 ਬੱਚਿਆਂ ਦੀ ਮੌਤ ਹੋ ਗਈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਲੰਡਨ ਫਾਇਰ ਸਰਵਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਘਟਨਾ ਦੱਖਣੀ-ਪੂਰਬੀ ਲੰਡਨ ਦੇ ਬੇਕਸਲੇਹੀਥ ਇਲਾਕੇ 'ਚ ਵੀਰਵਾਰ ਸ਼ਾਮ ਨੂੰ ਵਾਪਰੀ। ਇਸ ਵਿਚ ਕਿਹਾ ਗਿਆ ਹੈ ਕਿ ਲਗਭਗ 6 ਫਾਇਰ ਵਿਭਾਗ ਦੀਆਂ ਗੱਡੀਆਂ ਅਤੇ 40 ਫਾਇਰਫਾਈਟਰਾਂ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਮੈਕਸੀਕੋ ’ਚ ਪੁਲ ਨਾਲ ਲਟਕੀਆਂ ਮਿਲੀਆਂ 10 ਲੋਕਾਂ ਦੀਆਂ ਲਾਸ਼ਾਂ
ਫਾਇਰਫਾਈਟਰਜ਼ ਨੇ ਪੌੜੀਆਂ ਦੀ ਵਰਤੋਂ ਕਰਕੇ 4 ਲੋਕਾਂ ਨੂੰ ਘਰ ਦੀ ਉਪਰਲੀ ਮੰਜ਼ਿਲ ਤੋਂ ਬਚਾਇਆ ਪਰ ਚਾਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਨ੍ਹਾਂ ਵਿਚ 2 ਔਰਤਾਂ ਅਤੇ 2 ਬੱਚੇ ਸ਼ਾਮਲ ਹਨ। ਫਾਇਰਫਾਈਟਰਜ਼ ਦੇ ਪਹੁੰਚਣ ਤੋਂ ਪਹਿਲਾਂ ਘਰ ਤੋਂ ਭੱਜਣ ਵਿਚ ਕਾਮਯਾਬ ਰਹੇ ਇਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ। ਲੰਡਨ ਦੇ ਮੇਅਰ ਸਾਕਿਬ ਖਾਨ ਨੇ ਕਿਹਾ ਕਿ ਇਹ 'ਦਿਲ ਦਹਿਲਾਉਣ' ਵਾਲੀ ਖ਼ਬਰ ਹੈ। ਫਾਇਰ ਸਰਵਿਸ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।