ਬਰੈਂਪਟਨ ''ਚ ਦੋ ਕਾਰਾਂ ਦੀ ਟੱਕਰ, 3 ਵਿਅਕਤੀਆਂ ਦੀ ਹਾਲਤ ਗੰਭੀਰ
Sunday, Jun 14, 2020 - 12:04 PM (IST)
ਟੋਰਾਂਟੋ— ਬਰੈਂਪਟਨ 'ਚ ਸ਼ਨੀਵਾਰ ਦੁਪਹਿਰ ਦੋ ਕਾਰਾਂ ਵਿਚਕਾਰ ਜ਼ਬਰਦਸਤ ਟੱਕਰ ਹੋਣ ਨਾਲ 3 ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਇਹ ਹਾਦਸਾ ਏਅਰਪੋਰਟ ਰੋਡ ਦੇ ਪੱਛਮੀ 'ਚ ਠੀਕ 5 ਕੁ ਵਜੇ ਤੋਂ ਪਹਿਲਾਂ ਕੁਈਨ ਸਟ੍ਰੀਟ ਅਤੇ ਕ੍ਰਿਸਲਰ ਡ੍ਰਾਈਵ ਨੇੜੇ ਵਾਪਰਿਆ। ਡਿਪਟੀ ਇੰਸਪੈਕਟਰ ਸੀਨ ਬਰੇਨਨ ਮੁਤਾਬਕ, ਹੌਂਡਾ ਸਿਵਿਕ ਤੇ ਫੋਰਡ ਐੱਸਕੈਪ ਵਿਚਕਾਰ ਜ਼ੋਰਦਾਰ ਟੱਕਰ ਹੋਈ।
ਪੁਲਸ ਮੁਤਾਬਕ, ਹੌਂਡਾ ਦੇ ਡਰਾਈਵਰ ਨੂੰ ਟੋਰਾਂਟੋ ਦੇ ਟਰੌਮਾ ਸੈਂਟਰ ਲਿਜਾਇਆ ਗਿਆ ਹੈ, ਉਸ ਨੂੰ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਹਨ। ਇਸ ਤੋਂ ਇਲਾਵਾ ਹੌਂਡਾ ਸਿਵਿਕ ਦੇ ਯਾਤਰੀ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਹਾਲਾਂਕਿ ਉਸ ਦੀ ਜਾਨ ਖਤਰੇ 'ਚੋਂ ਬਾਹਰ ਹੈ। ਪੁਲਸ ਨੇ ਕਿਹਾ ਕਿ ਫੋਰਡ ਕਾਰ ਦੀ ਡਰਾਈਵਰ ਬਜ਼ੁਰਗ ਔਰਤ ਨੂੰ ਗੰਭੀਰ ਹਾਲਤ 'ਚ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ। ਫੋਰਡ ਐੱਸਕੈਪ 'ਚ ਇਕ ਬਜ਼ੁਰਗ ਯਾਤਰੀ ਵੀ ਸੀ, ਜਿਸ ਦੀ ਹਾਲਤ ਕਾਫੀ ਗੰਭੀਰ ਹੈ ਤੇ ਉਸ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਕਿਹਾ ਕਿ ਬਜ਼ੁਰਗ ਆਦਮੀ ਨੂੰ ਟੋਰਾਂਟੋ ਦੇ ਟਰੌਮਾ ਕੇਂਦਰ 'ਚ ਭੇਜਿਆ ਜਾਵੇਗਾ। ਡਿਪਟੀ ਇੰਸਪੈਕਟਰ ਸੀਨ ਬਰੇਨਨ ਨੇ ਕਿਹਾ ਕਿ ਜਾਂਚ ਫਿਲਹਾਲ ਸ਼ੁਰੂ ਦੇ ਦੌਰ 'ਚ ਹੈ ਪਰ ਇਸ ਹਾਦਸੇ ਦਾ ਕਾਰਨ ਤੇਜ਼ ਰਫਤਾਰ ਲੱਗ ਰਿਹਾ ਹੈ।