ਰੂਸ-ਯੂਕ੍ਰੇਨ ਜੰਗ ਦਰਮਿਆਨ ਭਾਰਤ ''ਤੇ ਵਧਣ ਲੱਗਾ ਦਬਾਅ, ਅਮਰੀਕੀ ਸਾਂਸਦਾਂ ਨੇ ਕੀਤੀ ਇਹ ਅਪੀਲ
Thursday, Mar 17, 2022 - 06:18 PM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੀ ਡੈਮੋਕ੍ਰੇਟਿਕ ਪਾਰਟੀ ਦੇ ਦੋ ਸੰਸਦ ਮੈਂਬਰਾਂ ਨੇ ਭਾਰਤ ਨੂੰ ਯੂਕ੍ਰੇਨ ਵਿੱਚ ਰੂਸ ਦੇ ਹਮਲੇ ਦੀ ਨਿੰਦਾ ਕਰਨ ਦੀ ਅਪੀਲ ਕੀਤੀ ਹੈ। ਸੰਸਦ ਮੈਂਬਰਾਂ ਨੇ ਕਿਹਾ ਕਿ 21ਵੀਂ ਸਦੀ ਵਿੱਚ ਅਜਿਹੀਆਂ ਘਟਨਾਵਾਂ ਲਈ ਕੋਈ ਥਾਂ ਨਹੀਂ ਹੈ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਦੋ ਸੰਸਦ ਮੈਂਬਰਾਂ ਟੇਡ ਡਬਲਿਊ ਲਿਊ ਅਤੇ ਟੌਮ ਮੈਲੀਨੋਵਸਕੀ ਨੇ ਇਕ ਪੱਤਰ ਲਿਖਿਆ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਭਾਵੇਂ ਅਸੀਂ ਭਾਰਤ ਦੇ ਰੂਸ ਨਾਲ ਸਬੰਧਾਂ ਤੋਂ ਜਾਣੂ ਹਾਂ ਪਰ ਅਸੀਂ ਸੰਯੁਕਤ ਰਾਸ਼ਟਰ ਮਹਾਸਭਾ 'ਚ 2 ਮਾਰਚ ਨੂੰ ਹੋਈ ਵੋਟਿੰਗ ਵਿੱਚ ਹਿੱਸਾ ਨਾ ਲੈਣ ਦੇ ਤੁਹਾਡੀ ਸਰਕਾਰ ਦੇ ਫ਼ੈਸਲੇ ਤੋਂ ਅਸੰਤੁਸ਼ਟ ਹਾਂ।
ਉਨ੍ਹਾਂ ਨੇ ਕਿਹਾ ਕਿ ਯੂਕ੍ਰੇਨ 'ਤੇ ਰੂਸ ਦਾ ਬਿਨਾਂ ਭੜਕਾਹਟ ਤੋਂ ਹਮਲਾ ਨਿਯਮ-ਅਧਾਰਿਤ ਪ੍ਰਣਾਲੀ ਨੂੰ ਕਮਜ਼ੋਰ ਕਰਦਾ ਹੈ ਅਤੇ ਯੂਕ੍ਰੇਨ 'ਤੇ ਹਮਲਾ ਕਰਕੇ ਰੂਸ ਉਹਨਾਂ ਨਿਯਮਾਂ ਦੀ ਵੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਭਾਰਤ ਦੀ ਸੁਰੱਖਿਆ ਕਰਦੇ ਹਨ।ਪੱਤਰ ਵਿਚ ਸਾਂਸਦਾਂ ਨੇ ਕਿਹਾ ਕਿ ਉਮੀਦ ਹੈ ਕਿ ਭਾਰਤ ਰੂਸੀ ਹਮਲੇ ਦੇ ਪਿਛੋਕੜ ਵਿੱਚ ਯੂਕ੍ਰੇਨ ਦੀ ਪ੍ਰਭੂਸੱਤਾ ਦਾ ਸਮਰਥਨ ਕਰਨ ਵਾਲੇ ਹੋਰ ਲੋਕਤੰਤਰਾਂ ਦੇ ਨਾਲ ਮਿਲ ਕੇ ਕੰਮ ਕਰੇਗਾ।ਇਸ ਵਿੱਚ ਕਿਹਾ ਗਿਆ ਹੈ ਕਿ ਉਹ ਅਮਰੀਕਾ ਅਤੇ ਭਾਰਤ ਦੇ ਸਬੰਧਾਂ ਨੂੰ ਡੂੰਘਾਈ ਨਾਲ ਸਮਝਣਾ ਚਾਹੁੰਦੇ ਹਨ। ਇਸਦੇ ਨਾਲ ਹੀ ਅਸੀਂ ਇਸ ਗੱਲ ਤੋਂ ਨਾਰਾਜ਼ ਹਾਂ ਕਿ ਭਾਰਤ ਨੇ ਰੂਸ ਦੀ ਇਸ ਕਾਰਵਾਈ ਖ਼ਿਲਾਫ਼ ਇਹ ਸਟੈਂਡ ਲਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਰੂਸੀ ਫ਼ੌਜ ਵੱਲੋਂ ਯੂਕ੍ਰੇਨ 'ਚ ਬੰਬਾਰੀ ਜਾਰੀ, ਮਾਰੀਉਪੋਲ 'ਚ ਥੀਏਟਰ ਕੀਤਾ ਤਬਾਹ
ਪੱਤਰ 'ਚ ਕਿਹਾ ਗਿਆ ਹੈ ਕਿ ਅਸੀਂ ਸਮਝਦੇ ਹਾਂ ਕਿ ਭਾਰਤ ਲਈ ਫ਼ੈਸਲਾ ਲੈਣਾ ਮੁਸ਼ਕਲ ਹੋ ਰਿਹਾ ਹੈ ਪਰ ਰੂਸ ਦੀ ਕਾਰਵਾਈ ਦੀ 21ਵੀਂ ਸਦੀ ਵਿਚ ਕੋਈ ਥਾਂ ਨਹੀਂ ਹੈ। ਰੂਸ ਨਾਲ ਸਬੰਧ ਰੱਖਣ ਵਾਲੇ ਬਹੁਤ ਸਾਰੇ ਦੇਸ਼ਾਂ ਨੇ ਸਹੀ ਕੰਮ ਕੀਤਾ ਅਤੇ ਰੂਸੀ ਸਰਕਾਰ ਦੀ ਆਲੋਚਨਾ ਕੀਤੀ - ਉਨ੍ਹਾਂ ਨੇ ਇਤਿਹਾਸ ਵਿੱਚ ਸਹੀ ਪੱਖ ਚੁਣਿਆ ਹੈ ਅਤੇ ਭਾਰਤ ਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਭਾਰਤ ਦੋਵਾਂ ਧਿਰਾਂ ਨੂੰ ਦੋਸ਼ੀ ਠਹਿਰਾਉਣ ਦੇ ਆਪਣੇ ਮੌਜੂਦਾ ਰੁਖ਼ ਤੋਂ ਹਟ ਜਾਵੇਗਾ ਅਤੇ ਇਸ ਗੱਲ ਨੂੰ ਸਵੀਕਾਰ ਕਰੇਗਾ ਕਿ ਰੂਸ ਹਮਲਾਵਰ ਹੈ। ਦੋਹਾਂ ਸਾਂਸਦਾਂ ਨੇ ਅਮਰੀਕਾ ਵਿਚ ਪਾਕਿਸਤਾਨ ਦੇ ਰਾਜਦੂਤ ਮਜੀਦ ਖਾਨ ਨੂੰ ਵੀ ਪੱਤਰ ਲਿਖੇ ਅਤੇ ਰੂਸ ਦੇ ਹਮਲੇ ਦੀ ਨਿੰਦਾ ਕਰਨ ਦੀ ਅਪੀਲ ਕੀਤੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।