ਸਿਆਸੀ ਤਣਾਅ ਘਟਾਉਣ ਲਈ PTI ਦੇ 2 ਸੀਨੀਅਰ ਨੇਤਾ ਪਾਕਿ ਫੌਜ ਮੁਖੀ ਨੂੰ ਮਿਲੇ
Thursday, Jan 16, 2025 - 06:56 PM (IST)
ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਵਿਚ ਇਕ ਵੱਡੇ ਸਿਆਸੀ ਬਦਲਾਅ ਦੇ ਤਹਿਤ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ 2 ਸੀਨੀਅਰ ਨੇਤਾਵਾਂ ਨੇ ਸ਼ਨੀਵਾਰ ਨੂੰ ਫੌਜ ਮੁਖੀ ਜਨਰਲ ਅਸੀਮ ਮੁਨੀਰ ਨਾਲ ਮੁਲਾਕਾਤ ਕੀਤੀ, ਜਦਕਿ ਪਾਰਟੀ ਦੇ ਵਾਰਤਾਕਾਰਾਂ ਨੇ ਮੌਜੂਦਾ ਸਿਆਸੀ ਤਣਾਅ ਨੂੰ ਹੱਲ ਕਰਨ ਲਈ ਸਰਕਾਰ ਦੇ ਸਾਹਮਣੇ ਆਪਣੀਆਂ ਮੰਗਾਂ ਵੱਖਰੇ ਤੌਰ ’ਤੇ ਰੱਖੀਆਂ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ 72 ਸਾਲਾ ਸੰਸਥਾਪਕ ਖਾਨ ਨੇ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਤੋਂ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਨੇ ਫੌਜ ਮੁਖੀ ਨਾਲ ਮੁਲਾਕਾਤ ਕੀਤੀ।
ਜੀਓ ਨਿਊਜ਼ ਦੀਆਂ ਖਬਰਾਂ ਅਨੁਸਾਰ ਖਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਲੰਬੇ ਸਮੇਂ ਤੋਂ ਦੂਜੇ ਪੱਖ ਨੂੰ ਗੱਲਬਾਤ ਲਈ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਪੀ. ਟੀ. ਆਈ. ਦੇ ਚੇਅਰਮੈਨ ਗੌਹਰ ਅਲੀ ਖਾਨ ਨੇ ਕਿਹਾ ਕਿ ਫੌਜ ਮੁਖੀ (ਸੀ. ਓ. ਏ. ਏ. ਐੱਸ.) ਨਾਲ ਮੇਰੀ ਮੀਟਿੰਗ ਬਾਰੇ ਇਮਰਾਨ ਖਾਨ ਨੇ ਜੋ ਕਿਹਾ ਹੈ ਉਹ ਸਹੀ ਹੈ। ਪਾਰਟੀ ਦੀਆਂ ਮੰਗਾਂ ਸਿੱਧੇ ਜਨਰਲ ਮੁਨੀਰ ਦੇ ਸਾਹਮਣੇ ਰੱਖੀਆਂ ਗਈਆਂ। ਉਨ੍ਹਾਂ ਨੇ ਇਸ ਸਿੱਧੀ ਗੱਲਬਾਤ ਨੂੰ ਮੌਜੂਦਾ ਮੁੱਦਿਆਂ ਦੇ ਹੱਲ ਵੱਲ ਇਕ ਸਕਾਰਾਤਮਕ ਕਦਮ ਦੱਸਿਆ।