ਇਸਲਾਮਾਬਾਦ ’ਚ ਗੋਲੀਆਂ ਮਾਰ ਕੇ ਦੋ ਪੁਲਸ ਮੁਲਾਜ਼ਮਾਂ ਦਾ ਕੀਤਾ ਕਤਲ
Friday, Jun 04, 2021 - 02:22 PM (IST)
ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਇਕ ਰਿਹਾਇਸ਼ੀ ਖੇਤਰ ’ਚ ਗਸ਼ਤ ਕਰ ਰਹੇ ਦੋ ਪੁਲਸ ਮੁਲਾਜ਼ਮਾਂ ਦਾ ਬੰਦੂਕਧਾਰੀ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਅਤੇ ਪੁਲਸ ਨੇ ਸ਼ੁੱਕਰਵਾਰ ਇਸ ਸਬੰਧੀ ਦੱਸਿਆ । ਸ਼ਮਸ ਕਾਲੋਨੀ ’ਚ ਵੀਰਵਾਰ ਦੀ ਰਾਤ ਵਾਪਰੀ ਇਸ ਘਟਨਾ ਦੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਇਸਲਾਮਾਬਾਦ ਅਤੇ ਹੋਰ ਥਾਵਾਂ ’ਤੇ ਪਹਿਲਾਂ ਕਈ ਵਾਰ ਹੋਏ ਅਜਿਹੇ ਹਮਲਿਆਂ ਦੀ ਪਾਕਿਸਤਾਨੀ ਤਾਲਿਬਾਨ ਵਰਗੇ ਸਥਾਨਕ ਅੱਤਵਾਦੀ ਸੰਗਠਨਾਂ ਨੇ ਜ਼ਿੰਮੇਵਾਰੀ ਲਈ ਹੈ।
ਪੁਲਸ ਦੇ ਬਿਆਨ ਅਨੁਸਾਰ ਅਧਿਕਾਰੀਆਂ ਨੇ ਕਾਤਲਾਂ ਦੀ ਗ੍ਰਿਫਤਾਰੀ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ । ਗ੍ਰਹਿ ਮੰਤਰੀ ਅਹਿਮਦ ਨੇ ਹਮਲੇ ਦੀ ਨਿੰਦਾ ਕੀਤੀ ਹੈ ਤੇ ਜਾਂਚ ਦੇ ਹੁਕਮ ਦਿੱਤੇ ਹਨ। ਇਕ ਵੀਡੀਓ ਸੰਦੇਸ਼ ’ਚ ਉਸ ਨੇ ਦੱਸਿਆ ਕਿ ਅਜਿਹੀਆਂ ਘਟਨਾਵਾਂ ਵਧ ਰਹੀਆਂ ਹਨ ਅਤੇ ਇਸਲਾਮਾਬਾਦ ਨੂੰ ਇਕ ‘ਸੁਰੱਖਿਅਤ ਖੇਤਰ’ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਜਧਾਨੀ ਦੀ ਹੱਦ ਸੰਘਣੀ ਆਬਾਦੀ ਵਾਲੇ ਪੰਜਾਬ ਸੂਬੇ ਨਾਲ ਲੱਗਦੀ ਹੈ ਅਤੇ ਦੇਸ਼ ਦਾ ਦੱਖਣੀ-ਪੱਛਮੀ ਰਸਤਾ ਇਸ ਨੂੰ ਅਫਗਾਨਿਸਤਾਨ ਨਾਲ ਜੋੜਦਾ ਹੈ।