ਦੱਖਣੀ ਆਸਟ੍ਰੇਲੀਆ ''ਚ ਕੋਰੋਨਾ ਦੇ ਦੋ ਨਵੇਂ ਮਾਮਲੇ ਦਰਜ, ਪੈਰਾਫੀਲਡ ''ਚ 5 ਹਜ਼ਾਰ ਲੋਕ ਇਕਾਂਤਵਾਸ
Saturday, Nov 28, 2020 - 10:41 AM (IST)
ਸਿਡਨੀ- ਦੱਖਣੀ ਆਸਟ੍ਰੇਲੀਆ ਸੂਬੇ ਵਿਚ ਬੀਤੇ ਦਿਨ ਕੋਰੋਨਾ ਵਾਇਰਸ ਦੇ ਦੋ ਨਵੇਂ ਮਾਮਲੇ ਦਰਜ ਹੋਏ ਹਨ। ਦੋਵੇਂ ਵਿਅਕਤੀ ਪੈਰਾਫੀਲਡ ਰਿਹਾਇਸ਼ੀ ਖੇਤਰ ਨਾਲ ਸਬੰਧਤ ਹਨ ਅਤੇ ਇਸ ਸਮੇਂ ਉਹ ਇਕਾਂਤਵਾਸ ਵਿਚ ਹਨ।
ਜ਼ਿਕਰਯੋਗ ਹੈ ਕਿ ਇੱਥੇ ਪਹਿਲਾ ਅਜਿਹਾ ਮਾਮਲਾ ਹੈ ਜਦ ਕੋਈ ਬੱਚਾ ਕੋਰੋਨਾ ਦਾ ਸ਼ਿਕਾਰ ਹੋਇਆ ਹੈ ਕਿਉਂਕਿ ਉਸ ਦਾ ਪਰਿਵਾਰ ਪੈਰਾਫੀਲਡ ਵਿਚ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੀਆਂ ਪਹਿਲੀਆਂ ਦੋ ਰਿਪੋਰਟਾਂ ਕੋਰੋਨਾ ਨੈਗੇਟਿਵ ਆਈਆਂ ਸਨ ਪਰ ਉਨ੍ਹਾਂ ਵਿਚ ਲੱਛਣ ਦਿਖਾਈ ਦੇ ਰਹੇ ਸਨ। ਇਸ ਦੇ ਬਾਅਦ ਇਕ ਵਾਰ ਹੋਰ ਟੈਸਟ ਵਿਚ ਕੋਰੋਨਾ ਰਿਪੋਰਟ ਪਾਜ਼ੀਟਿਵ ਆਈਆਂ।
ਮੁੱਖ ਸਿਹਤ ਅਧਿਕਾਰੀ ਨਿਕੋਲਾ ਨੇ ਦੱਸਿਆ ਕਿ ਇਕ ਵਿਅਕਤੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਪਰ ਉਸ ਨੂੰ ਹੁਣ ਛੁੱਟੀ ਮਿਲ ਗਈ ਹੈ। ਉਨ੍ਹਾਂ ਮੁਤਾਬਕ ਬਹੁਤ ਸਾਰੇ ਲੋਕ ਟੈਸਟ ਕਰਵਾਉਣ ਲਈ ਆ ਹੀ ਨਹੀਂ, ਜਿਸ ਕਾਰਨ ਕੋਰੋਨਾ ਪਾਜ਼ੀਟਿਵ ਲੋਕਾਂ ਬਾਰੇ ਕੋਈ ਜਾਣਕਾਰੀ ਹੀ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਐਡੀਲਡ ਦੇ ਰਹਿਣ ਵਾਲੇ ਲੋਕਾਂ ਨੂੰ ਉਹ ਵਾਰ-ਵਾਰ ਅਪੀਲ ਕਰਦੇ ਹਨ ਕਿ ਉਹ ਆਪਣੇ ਸਰੀਰਕ ਲੱਛਣਾਂ ਵੱਲ ਧਿਆਨ ਦੇਣ ਅਤੇ ਜੇਕਰ ਉਨ੍ਹਾਂ ਨੂੰ ਕੁਝ ਠੀਕ ਮਹਿਸੂਸ ਨਹੀਂ ਹੁੰਦਾ ਤਾਂ ਇਸ ਸਬੰਧੀ ਜਾਂਚ ਕਰਵਾਉਣ ਤੋਂ ਗੁਰੇਜ਼ ਨਾ ਕਰਨ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਇੱਥੇ ਬੀਤੇ ਦਿਨ 3,840 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਦਾ ਟੈਸਟ ਕਰਵਾਉਣ ਲਈ ਨਾ ਆਉਣ ਦਾ ਇਕ ਕਾਰਨ ਵੱਧਦੀ ਗਰਮੀ ਹੈ ਤੇ ਬਹੁਤੇ ਲੋਕ ਘਰਾਂ ਵਿਚ ਰਹਿਣਾ ਹੀ ਪਸੰਦ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪੈਰਾਫੀਲਡ ਖੇਤਰ ਦੇ 5000 ਲੋਕ ਇਕਾਂਤਵਾਸ ਵਿਚ ਰਹਿ ਰਹੇ ਹਨ ।