ਪਾਕਿਸਤਾਨ ਦੇ ਸਾਬਕਾ PM ਨਵਾਜ਼ ਸ਼ਰੀਫ ਦੀਆਂ ਵਧੀਆਂ ਮੁਸ਼ਕਲਾਂ, ਲੱਗੇ ਦੋ ਹੋਰ ਦੋਸ਼

Saturday, May 16, 2020 - 11:21 AM (IST)

ਪਾਕਿਸਤਾਨ ਦੇ ਸਾਬਕਾ PM ਨਵਾਜ਼ ਸ਼ਰੀਫ ਦੀਆਂ ਵਧੀਆਂ ਮੁਸ਼ਕਲਾਂ, ਲੱਗੇ ਦੋ ਹੋਰ ਦੋਸ਼

ਲਾਹੌਰ- ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਕੂ ਏਜੰਸੀ (ਐੱਨ. ਏ. ਬੀ.) ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਖਿਲਾਫ ਜਵਾਬਦੇਹੀ ਅਦਾਲਤ ਵਿਚ ਭ੍ਰਿਸ਼ਟਾਚਾਰ ਦੇ ਦੋ ਹੋਰ ਮਾਮਲੇ ਦਾਇਰ ਕਰਨ ਦੀ ਮਨਜ਼ੂਰੀ ਦਿੱਤੀ ਹੈ। ਰਾਸ਼ਟਰੀ ਜਵਾਬਦੇਹੀ ਬਿਊਰੋ ਦੇ ਮਹਾਨਿਰਦੇਸ਼ਕ ਸ਼ਹਿਜ਼ਾਦ ਸਲੀਮ ਦੀ ਪ੍ਰਧਾਨਗੀ ਵਿਚ ਸ਼ੁੱਕਰਵਾਰ ਨੂੰ ਇਹ ਖੇਤਰੀ ਬੋਰਡ ਦੀ ਬੈਠਕ ਬੁਲਾਈ ਗਈ। ਬੋਰਡ ਨੇ ਮਨੀ ਲਾਂਡਰਿੰਗ ਅਤੇ ਆਮਦਨ ਦੇ ਸਰੋਤਾਂ ਤੋਂ ਵਧੇਰੇ ਜਾਇਦਾਦ ਇਕੱਠੀ ਕਰਨ ਦੇ ਮਾਮਲਿਆਂ ਵਿਚ 69 ਸਾਲਾ ਨਵਾਜ਼, ਉਨ੍ਹਾਂ ਦੇ ਛੋਟੇ ਭਰਾ ਸ਼ਹਿਬਾਜ਼ ਸ਼ਰੀਫ, ਧੀ ਮਰੀਅਮ ਨਵਾਜ਼ ਅਤੇ 13 ਹੋਰਾਂ ਖਿਲਾਫ ਭ੍ਰਿਸ਼ਟਾਚਾਰ ਦੇ ਹੋਰ ਮਾਮਲਿਆਂ 'ਤੇ ਚਰਚਾ ਕੀਤੀ। 

ਇਸ ਤਰ੍ਹਾਂ ਬੋਰਡ ਨੇ 24 ਕਨਾਲ ਜ਼ਮੀਨ ਮਾਮਲੇ ਵਿਚ ਨਵਾਜ਼ ਸ਼ਰੀਫ, ਜਿਓ ਮੀਡੀਆ ਸਮੂਹ ਦੇ ਸੰਸਥਾਪਕ ਮੀਰ ਸ਼ਕੀਲੁਰ ਰਹਿਮਾਨ ਅਤੇ ਦੋ ਹੋਰਾਂ ਖਿਲਾਫ ਇਕ ਹੋਰ ਮਾਮਲਾ ਦਾਇਰ ਕਰਨ ਦੀ ਵੀ ਮਨਜ਼ੂਰੀ ਦਿੱਤੀ। ਐੱਨ. ਏ. ਬੀ.-ਲਾਹੌਰ ਨੇ ਜਵਾਬਦੇਹੀ ਅਦਾਲਤ ਵਿਚ ਦਾਇਰ ਕਰਨ ਤੋਂ ਪਹਿਲਾਂ ਦੋਵੇਂ ਮਾਮਲੇ ਅੰਤਿਮ ਮਨਜ਼ੂਰੀ ਲਈ ਆਪਣੇ ਮੁੱਖ ਜੱਜ (ਰਿਟਾਇਰਡ) ਜਾਵੇਦ ਇਕਬਾਲ ਨੂੰ ਭੇਜ ਦਿੱਤੇ ਹਨ। 

ਇਕ ਅਧਿਕਾਰੀ ਮੁਤਾਬਕ ਐੱਨ. ਏ. ਬੀ. ਮੁਖੀ ਦੀ ਮਨਜ਼ੂਰੀ ਮਗਰੋਂ ਸ਼ਰੀਫ ਪਰਿਵਾਰ ਦੇ ਮੈਂਬਰਾਂ ਖਿਲਾਫ ਦੋਵੇਂ ਮਾਮਲੇ ਅਗਲੇ ਹਫਤੇ ਲਾਹੌਰ ਦੀ ਜਵਾਬਾਦੇਹੀ ਅਦਾਲਤ ਵਿਚ ਦਾਇਰ ਕੀਤੇ ਜਾਣਗੇ। ਸ਼ਰੀਫ ਪਰਿਵਾਰ 'ਤੇ 7 ਅਰਬ ਪਾਕਿਸਤਾਨੀ ਰੁਪਏ ਦੀ ਹੇਰਾਫੇਰੀ ਦਾ ਦੋਸ਼ ਹੈ। ਅਧਿਕਾਰੀ ਨੇ ਦੱਸਿਆ, ਇਸ ਮਾਮਲੇ ਵਿਚ ਨਵਾਜ਼, ਸ਼ਹਿਬਾਜ਼ ਅਤੇ ਮਰੀਅਮ ਨੂੰ ਮੁੱਖ ਸ਼ੱਕੀ ਘੋਸ਼ਿਤ ਕੀਤਾ ਗਿਆ ਹੈ। ਐੱਨ. ਏ. ਬੀ. ਸ਼ੱਕੀਆਂ ਖਿਲਾਫ ਇਸਤਗਾਸਾ ਪੱਖ ਦੇ 100 ਗਵਾਹਾਂ ਨੂੰ ਪੇਸ਼ ਕਰੇਗਾ। ਭ੍ਰਿਸ਼ਟਾਚਾਰ ਦੇ ਇਕ ਹੋਰ ਮਾਮਲੇ ਵਿਚ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਸ਼ਰੀਫ 'ਤੇ 1986 ਵਿਚ ਨਿਯਮਾਂ ਦਾ ਉਲੰਘਣ 'ਤੇ ਸ਼ਕੀਲੁਰ ਰਹਿਮਾਨ ਨੂੰ ਲਾਹੌਰ ਕਨਾਲ ਕੋਲ ਜ਼ਮੀਨ ਅਲਾਟ ਕਰਨ ਵਿਚ ਆਪਣੇ ਅਧਿਕਾਰ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ। ਸ਼ਰੀਫ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸਨ। ਰਹਿਮਾਨ 12 ਮਾਰਚ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਬਾਅਦ ਤੋਂ ਹੀ ਨਿਆਂਇਕ ਹਿਰਾਸਤ ਵਿਚ ਹਨ। ਹੁਣ ਉਹ ਮੈਡੀਕਲ ਆਧਾਰ 'ਤੇ ਹਸਪਤਾਲ ਵਿਚ ਹਨ। 


author

Lalita Mam

Content Editor

Related News