ਇਟਲੀ ''ਚ ਪੰਜਾਬ ਦੀਆਂ ਦੋ ਧੀਆਂ ਨੇ ਸਿੱਖਿਆ ਦੇ ਖੇਤਰਾਂ ''ਚ ਗੱਡੇ ਕਾਮਯਾਬੀ ਦੇ ਝੰਡੇ

Thursday, Apr 24, 2025 - 08:57 PM (IST)

ਇਟਲੀ ''ਚ ਪੰਜਾਬ ਦੀਆਂ ਦੋ ਧੀਆਂ ਨੇ ਸਿੱਖਿਆ ਦੇ ਖੇਤਰਾਂ ''ਚ ਗੱਡੇ ਕਾਮਯਾਬੀ ਦੇ ਝੰਡੇ

ਰੋਮ, (ਦਲਵੀਰ ਸਿੰਘ ਕੈਂਥ)-ਇਟਲੀ 'ਚ 2 ਪੰਜਾਬ ਦੀਆਂ ਧੀਆਂ ਰਣਧੀਰ ਕੌਰ ਕਟਾਰੀਆ ਤੇ ਦਪਿੰਦਰ ਕੌਰ ਨੇ ਵੱਖ-ਵੱਖ  ਵਿੱਦਿਆਦਕ ਖੇਤਰਾਂ ਕਾਮਯਾਬੀ ਦੇ ਝੰਡੇ ਗੱਡਦਿਆਂ ਮਾਪਿਆਂ ਸਮੇਤ ਭਾਰਤ ਦਾ ਨਾਮ ਚਮਕਾਇਆ। ਸਾਰੀ ਦੁਨੀਆਂ ਨੇ ਅਪ੍ਰੈਲ ਮਹੀਨੇ 'ਚ ਭਾਰਤੀ ਸੰਵਿਧਾਨ ਦੇ ਪਿਤਾਮਾ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦਾ ਜਨਮ ਦਿਨ ਬਹੁਤ ਹੀ ਸਤਿਕਾਰ ਨਾਲ ਮਨਾਇਆ। ਇਟਲੀ 'ਚ ਇੱਕ ਪੰਜਾਬ ਦੀ ਧੀ ਰਣਧੀਰ ਕੌਰ ਕਟਾਰੀਆ (26) ਅਜਿਹੀ ਵੀ ਹੈ, ਜਿਹੜੀ ਕਿ ਬਾਬਾ ਸਾਹਿਬ ਦੀ ਪੈਰੋਕਾਰ ਹੈ ਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਆਦਰਸ਼ ਮੰਨਦੀ ਹੈ। ਇਹ ਧੀ ਰਾਣੀ ਜਿਹੜੀ ਕਿ  ਦਵਿੰਦਰ ਪਾਲ ਤੇ ਕੁਲਦੀਪ ਕੌਰ ਮਾਪਿਆ ਨਾਲ ਸੰਨ 2011 ਨੂੰ ਪੰਜਾਬ ਦੇ ਪਿੰਡ ਕੋਟਲਾ ਨੇੜੇ ਸ਼ਾਮ ਚੁਰਾਸੀ(ਹੁਸਿਆਰਪੁਰ)ਤੋਂ ਇਟਲੀ ਦੇ ਅਰੇਸੋ ਇਲਾਕੇ 'ਚ ਆਈ ।
ਰਣਧੀਰ ਕੌਰ ਕਟਾਰੀਆ ਨੇ ਇਹ ਸੁਪਨਾ ਦੇਖਿਆ ਸੀ ਕਿ ਉਹ ਬਾਬਾ ਸਾਹਿਬ ਜੀ ਵਾਂਗਰ ਚੰਗੀ ਪੜ੍ਹਾਈ ਕਰ ਲੋਕਾਂ ਲਈ ਮਾਰਗ ਦਰਸ਼ਕ ਬਣੇਗੀ ਤੇ ਇਸ ਸੁਪਨੇ ਨੂੰ ਸਾਕਾਰ ਕਰਨ ਵਿੱਚ ਭਰਪੂਰ ਸਾਥ ਦਿੱਤਾ ਉਸ ਦੇ ਮਾਪਿਆਂ ਨੇ ਜਿਹਨਾਂ ਧੀ ਰਾਣੀ ਨੂੰ ਇਟਲੀ ਲਿਆਂਦਾ ਤੇ ਇੱਥੇ ਪੜ੍ਹਾਈ ਕਰਵਾ ਅੱਜ ਬਣਾ ਦਿੱਤਾ ਅਧਿਆਪਕਾ ।ਰਣਧੀਰ ਕੌਰ ਕਟਾਰੀਆ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ 134ਵੇਂ ਜਨਮ ਦਿਨ ਮੌਕੇ ਇਟਲੀ ਦੀ ਯੂਨੀਵਰਸਿਟੀ ਸੀਏਨਾ ਤੋਂ ਸਿੱਖਿਆ ਅਤੇ ਸਿੱਖਲਾਈ ਵਿਗਿਆਨ ਵਿੱਚ ਡਿਗਰੀ ਹਾਸਲ ਕਰਕੇ ਜਿੱਥੇ ਆਪਣਾ ਸੁਪਨਾ ਸੱਚ ਕੀਤਾ ਉੱਥੇ ਇਸ ਮੁਕਾਮ ਤੇ ਪਹੁੰਚ ਕੇ ਮਾਪਿਆਂ ਸਮੇਤ ਭਾਰਤ ਦਾ ਨਾਮ ਰੁਸ਼ਨਾਇਆ ਹੈ।ਪ੍ਰੈੱਸ ਨਾਲ ਇਸ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਗਣਧੀਰ ਕੌਰ ਕਟਾਰੀਆ ਨੇ ਕਿਹਾ ਕਿ ਉਹ ਉਹਨਾਂ ਸਾਰੇ ਭਾਰਤੀ ਬੱਚਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਜਿਹੜੇ ਬੱਚੇ ਮਾਪਿਆਂ ਨਾਲ ਇਟਲੀ ਆਏ ਜਾਂ ਆਉਣ ਵਾਲੇ ਹਨ ਤੇ ਉਹ ਬੱਚੇ ਜੇਕਰ ਆਪਣਾ ਆਉਣ ਵਾਲਾ ਕਲ ਬਿਹਤਰ ਤੇ ਮਿਸਾਲੀ ਬਣਾਉਣਾ ਚਾਹੁੰਦੇ ਹਨ ਤਾਂ ਬਾਬਾ ਸਾਹਿਬ ਦੇ ਪਾਏ ਪੂਰਨਿਆਂ ਉਪੱਰ ਚੱਲਦਿਆਂ ਵਿੱਦਿਆਦਕ ਖੇਤਰਾਂ ਵਿੱਚ ਨਵੀਆਂ ਪੈੜਾ ਪਾਉਣ ਤੱਦ ਹੀ ਉਹ ਆਪਣੇ ਸਮੇਤ ਮਾਪਿਆਂ ਦਾ ਲਈ ਖੁਸ਼ੀਆਂ ਦੇ ਖਜ਼ਾਨੇ ਭਰ ਸਕਦੇ ਹਨ।
ਇਸ ਤਰ੍ਹਾਂ ਹੀ ਇੱਕ ਹੋਰ ਪੰਜਾਬ ਦੀ ਹੋਣਹਾਰ ਧੀ ਦਪਿੰਦਰ ਕੌਰ ਨੇ ਇਟਲੀ ਆਕੇ ਵਿੱਦਿਆਦਕ ਖੇਤਰ ਵਿੱਚ ਕਾਮਯਾਬੀ ਦਾ ਇਤਿਹਾਸ ਰਚਿਆ ਹੈ। ਸੋਹਣ ਸਿੰਘ ਤੇ ਸੁਨੀਤਾ ਦੇਵੀ ਵਾਸੀ ਜੰਡੂਸਿੰਘਾ (ਜਲੰਧਰ) ਦੀ ਲਾਡਲੀ ਧੀ ਦਪਿੰਦਰ ਕੌਰ ਸੰਨ 2008 ਵਿੱਚ ਇਟਲੀ ਦੇ ਸ਼ਹਿਰ ਤੋਲੇਨਤੀਨੋ ਮਾਰਕੇ ਆਈ ।ਇੱਥੇ ਮਾਪਿਆਂ ਨੇ ਧੀ ਰਾਣੀ ਨੂੰ ਵਿੱਦਿਆਦਕ ਖੇਤਰ ਵੱਲ ਪ੍ਰੇਰਿਤ ਕਰਦਿਆਂ ਉਸ ਦਾ ਪੂਰਨ ਸਹਿਯੋਗ ਤੇ ਹੱਲਾਸ਼ੇਰੀ ਦਿੱਤੀ ਜਿਸ ਦੀ ਬਦੌਲਤ ਅੱਜ ਇਹ ਧੀ ਰਾਣੀ ਨੇ ਵੀ ਮਚੇਰੇਤਾ ਯੂਨੀਵਰਸਿਟੀ ਤੋਂ ਮੈਨੇਜਮੈਂਟ ਐਂਡ ਮਾਰਕਟਿੰਗ ਇੰਟਰਨੈਸ਼ਨਲ ਦੀ ਮਾਸਟਰ ਡਿਗਰੀ ਕਰਕੇ ਮਾਪਿਆਂ ਸਮੇਤ ਭਾਰਤ ਦੇਸ਼ ਦਾ ਨਾਮ ਚਮਕਾ ਦਿੱਤਾ ਹੈ।ਦਪਿੰਦਰ ਕੌਰ ਜਿਸ ਨੇ ਮਾਸਟਰ ਡਿਗਰੀ ਵਿੱਚ 110/110 ਅੰਕ ਹਾਸਿਲ ਕੀਤੇ ਹਨ ਭੱਵਿਖ ਵਿੱਚ ਇਸੇ ਖੇਤਰ ਵਿੱਚ ਇਮਪੋਰਟ ਤੇ ਐਕਸਪੋਰਟ ਦਾ ਕਾਰੋਬਾਰ ਕਰਨ ਦੀ ਇਛੁੱਕ ਹੈ।ਇਹ ਦੋਨੋ ਪੰਜਾਬ ਦੀਆਂ ਧੀਆਂ ਨੇ ਆਪਣੀ ਸਖ਼ਤ ਮਿਹਨਤ ਤੇ ਦ੍ਰਿੜ ਇਰਾਦਿਆਂ ਨਾਲ ਇਟਲੀ ਵਿੱਚ ਮਾਪਿਆਂ ਦਾ ਨਾਮ ਹੀ ਨਹੀਂ ਚਮਕਾਇਆ ਸਗੋਂ ਹੋਰ ਦੇਸ਼ਾਂ ਦੇ ਬੱਚਿਆਂ ਲਈ ਇੱਕ ਮਿਸਾਲ ਵੀ ਬਣੀਆਂ ਹਨ । ਇਨ੍ਹਾਂ ਦੋਨਾਂ ਹੋਣਹਾਰ ਧੀਆਂ ਦੇ ਮਾਪਿਆਂ ਨੂੰ ਚੁਫੇਰਿਓ ਜਿੱਥੇ ਵਧਾਈਆਂ ਮਿਲ ਰਹੀਆਂ ਹਨ ਉੱਥੇ ਹੋਰ ਦੇਸ਼ਾਂ ਦੇ ਲੋਕ ਇਹਨਾਂ ਬੱਚੀਆਂ ਦੀ ਮਿਹਨਤ ਨੂੰ ਸਲਾਮ ਕਰ ਰਹੇ ਹਨ।


author

SATPAL

Content Editor

Related News