ਨਗਰ ਕੀਰਤਨ ''ਚ ਪਹੁੰਚੇ ਪੁਨਤੀਨੀਆ ਦੇ ਮੇਅਰ ਤੋਮਬੋਲੀਲੋ ਤੇ ਕੌਂਸਲਰ ਰੀਤਾ
Thursday, May 08, 2025 - 05:09 PM (IST)

ਰੋਮ (ਦਲਵੀਰ ਸਿੰਘ ਕੈਂਥ)- ਇਟਲੀ ਵਿੱਚ ਪਿਛਲੇ ਕਰੀਬ 3-4 ਦਹਾਕਿਆਂ ਤੋਂ ਮਹਾਨ ਸਿੱਖ ਧਰਮ ਦਾ ਫਲਸਫ਼ਾ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕਾਂ ਨੂੰ ਸਮਝਾਉਣ ਤਹਿਤ ਸਿੱਖ ਸੰਗਤ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਹੁਣ ਲੱਗਦਾ ਹੈ ਕਿ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਇਟਲੀ ਦੇ ਬਾਸ਼ਿੰਦਿਆਂ ਨੂੰ ਹਰ ਸਾਲ ਸਜਾਏ ਜਾਂਦੇ ਬਹੁ-ਗਿਣਤੀ ਨਗਰ ਕੀਰਤਨਾਂ ਦੀ ਸਮਝ ਲੱਗਣੀ ਸੁਰੂ ਹੋ ਗਈ ਹੈ। ਇਟਲੀ ਦੇ ਬਹੁਤੇ ਨਗਰ ਕੀਰਤਨਾਂ ਵਿੱਚ ਪ੍ਰਸ਼ਾਸ਼ਨਿਕ ਅਫ਼ਸਰ ਸਹਿਬਾਨ ਤੋਂ ਇਲਾਵਾ ਸਿਆਸੀ ਆਗੂਆਂ ਦੀ ਆਮਦ ਵੀ ਇਸ ਗੱਲ ਦੀ ਹਾਮੀ ਭਰਦੀ ਹੈ ਕਿ ਮਹਾਨ ਸਿੱਖ ਧਰਮ ਚੜ੍ਹਦੀ ਕਲਾ ਵੱਲ ਹੈ ਤੇ ਉਹ ਦਿਨ ਦੂਰ ਨਹੀਂ ਜਦੋਂ ਇਟਲੀ ਵਿੱਚ ਮਹਾਨ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਦੇ ਇਤਿਹਾਸਿਕ ਫੈਸਲੇ ਦੀ ਸੰਪੂਰਨਤਾ ਮੌਕੇ ਗੁਰ ਫਤਿਹ ਸਿੱਖ ਸੰਗਤਾਂ ਜੈਕਾਰਿਆਂ ਨਾਲ ਬੁਲਾਉਣਗੀਆਂ।
ਇਟਲੀ ਵਿੱਚ ਮਹਾਨ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਵਿੱਚ ਇੱਕਲੀ ਸਿੱਖ ਸੰਗਤ ਹੀ ਨਹੀਂ ਸਗੋਂ ਇਟਾਲੀਅਨ ਲੋਕ ਵੀ ਮੋਢੇ ਨਾਲ ਮੋਢਾ ਜੋੜਨ ਲਈ ਲਾਮਬੰਦ ਹੋ ਰਹੇ ਹਨ, ਜਿਸ ਦੀਆਂ ਕਈ ਉਦਾਹਰਨਾਂ ਹਨ ਪਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਮਿਸਾਲ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਅਧੀਨ ਆਉਂਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਪੁਰਾਣੀ ਇਮਾਰਤ ਪੁਨਤੀਨੀਆਂ ਦੀ, ਜਿੱਥੇ ਖਾਲਸਾ ਪੰਥ ਦੇ ਸਾਜਨਾ ਦਿਵਸ ਸਮਰਪਿਤ ਸਜੇ ਨਗਰ ਕੀਰਤਨ ਦੀ ਸਟੇਜ ਤੋਂ ਨਗਰ ਕੌਂਸਲ ਪੁਨਤੀਨੀਆ ਮੇਅਰ ਅਲੀਜਿਓ ਤੋਮਬੋਲੀਲੋ ਨੇ ਹਾਜ਼ਰ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ, ਉੱਥੇ ਇਹ ਵੀ ਕਿਹਾ ਇਹ ਤਿਉਹਾਰ ਸਿਰਫ਼ ਤੁਹਾਡਾ ਹੀ ਨਹੀਂ ਉਹਨਾਂ ਦਾ ਵੀ ਹੈ। ਇਸ ਲਈ ਇਹ ਸਭ ਦਾ ਸਾਂਝਾ ਤਿਉਹਾਰ ਹੈ ਜਿਸ ਲਈ ਸਭ ਨੂੰ ਮੁਬਾਰਕਾਂ ਤੇ ਸਭ ਨੂੰ ਰਲ-ਮਿਲ ਮਨਾਉਣਾ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਹਾਫਿਜ਼ ਸਈਦ ਨੇ ਆਪਣੀ ਸਜ਼ਾ ਖ਼ਿਲਾਫ਼ ਪਟੀਸ਼ਨ ਕੀਤੀ ਦਾਇਰ
ਇਸ ਮੌਕੇ ਨਗਰ ਕੌਂਸਲ ਪੁਨਤੀਨੀਆਂ ਦੀ ਕੌਂਸਲਰ ਮੈਡਮ ਮਰੀਆ ਰੀਤਾ (ਜਿਹੜੀ ਕਿ ਇੱਕ ਨਾਮੀ ਵਕੀਲ ਵੀ ਹੈ) ਨੇ ਇਸ ਨਗਰ ਕੀਰਤਨ ਪ੍ਰਤੀ ਆਪਣੀ ਸ਼ਰਧਾ ਤੇ ਸਤਿਕਾਰ ਪ੍ਰਗਟ ਕਰਦਿਆਂ ਜਿੱਥੇ ਵਿਸ਼ੇਸ਼ ਤੌਰ 'ਤੇ ਪੰਜਾਬੀ ਸੂਟ ਪਾਕੇ ਹਾਜ਼ਰੀ ਭਰੀ ਉੱਥੇ ਆਪਣੇ ਵੱਲੋਂ ਸੰਗਤਾਂ ਨੂੰ ਪੰਜਾਬੀ ਮਾਂ ਬੋਲੀ ਵਿੱਚ ਵਧਾਈਆਂ ਦਿੰਦਿਆਂ ਕਿਹਾ ਕਿ ਉਹ ਨਗਰ ਕੌਂਸਲ ਪੁਨਤੀਨੀਆਂ ਵੱਲੋਂ ਸਭ ਸੰਗਤ ਨੂੰ ਜੀ ਆਇਆ ਕਹਿੰਦੀ ਹੈ। ਤੁਸੀ ਪੁਨਤੀਨੀਆਂ ਸ਼ਹਿਰ ਵਿੱਚ ਇਸ ਗੁਰਪੁਰਬ ਨੂੰ ਮਨਾਇਆ ਇਸ ਲਈ ਤੁਹਾਡਾ ਧੰਨਵਾਦ ਹੈ। ਮੈਡਮ ਮਰੀਆ ਰੀਤਾ ਜਿਹੜੀ ਕਿ ਭਾਰਤੀ ਕਮਿਊਨਿਟੀ ਦੇ ਸਿੱਖ ਭਾਈਚਾਰੇ ਤੇ ਸਿੱਖ ਧਰਮ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਰੱਖਦੇ ਹਨ ਤੇ ਮਹਾਨ ਸਿੱਖ ਧਰਮ ਨੂੰ ਸਮਝਣ ਲਈ ਸੰਜੀਦਗੀ ਭਰੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਗੁਰੂ ਸਾਹਿਬ ਜੀਓ ਦੇ ਸਤਿਕਾਰ ਵੱਜੋਂ ਪੰਜਾਬੀ ਸੂਟ ਪਹਿਨ ਕੇ ਅਤੇ ਸਿਰ ਢੱਕ ਕੇ ਨਾ ਸਿਰਫ ਨਗਰ ਕੀਰਤਨ ਵਿੱਚ ਪਹੁੰਚੇ ਸਗੋਂ ਸਟੇਜ ਉਪਰੋਂ ਪੰਜਾਬੀ ਮਾਂ ਬੋਲੀ ਵਿੱਚ ਬੋਲਕੇ ਇਸ ਗੱਲ ਨੂੰ ਪ੍ਰਮਾਣਿਤ ਕੀਤਾ ਕਿ ਇਟਾਲੀਅਨ ਭਾਈਚਾਰਾ ਹੁਣ ਭਾਰਤੀ ਸਿੱਖ ਭਾਈਚਾਰੇ ਦਾ ਬਰਾਬਰ ਸਹਿਯੋਗੀ ਹੈ। ਇਸ ਸ਼ਲਾਘਾਯੋਗ ਪਲਾਂ ਮੌਕੇ ਹਾਜ਼ਰ ਸਿੱਖ ਸੰਗਤਾਂ ਵਿੱਚ ਜਿੱਥੇ ਖੁਸ਼ੀ ਦੇਖੀ ਜਾ ਰਹੀ ਸੀ ਉੱਥੇ ਇੰਝ ਪ੍ਰਤੀਤ ਹੋ ਰਿਹਾ ਸੀ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਇਟਾਲੀਅਨ ਤੇ ਭਾਰਤੀ ਸਿੱਖ ਭਾਈਚਾਰੇ ਦੇ ਲੋਕ ਰਲ-ਮਿਲ ਸਭ ਦਿਨ-ਤਿਉਹਾਰ ਮਨਾਉਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।