UNGA ''ਚ ਤੁਰਕੀ ਦੇ ਰਾਸ਼ਟਰਪਤੀ ਨੇ ਫਿਰ ਚੁੱਕਿਆ ਕਸ਼ਮੀਰ ਦਾ ਮੁੱਦਾ
Tuesday, Sep 22, 2026 - 11:50 PM (IST)
ਨਿਊਯਾਰਕ : ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੇ ਸੰਯੁਕਤ ਰਾਸ਼ਟਰ ਮਹਾਸਭਾ (UNGA) ਵਿੱਚ ਇੱਕ ਵਾਰ ਫਿਰ ਕਸ਼ਮੀਰ ਦਾ ਮੁੱਦਾ ਚੁੱਕਿਆ ਹੈ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਦੱਖਣੀ ਏਸ਼ੀਆ ਵਿੱਚ ਕਸ਼ਮੀਰ ਮੁੱਦੇ ਸਮੇਤ ਸਾਰੇ ਵਿਵਾਦਾਂ ਨੂੰ ਸੰਯੁਕਤ ਰਾਸ਼ਟਰ ਚਾਰਟਰ ਅਤੇ ਸਬੰਧਤ ਮਤਿਆਂ ਦੇ ਦਾਇਰੇ ਵਿੱਚ ਰਹਿ ਕੇ ਗੱਲਬਾਤ ਰਾਹੀਂ ਸੁਲਝਾਇਆ ਜਾਣਾ ਚਾਹੀਦਾ ਹੈ।
ਏਰਦੋਗਨ ਨੇ ਇਹ ਬਿਆਨ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਖੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਬਾਜ਼ ਸ਼ਰੀਫ ਦੀ ਮੌਜੂਦਗੀ ਵਿੱਚ ਦਿੱਤਾ। ਭਾਰਤ ਵੱਲੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ ਦੇ ਬਾਵਜੂਦ ਤੁਰਕੀ ਦੇ ਰਾਸ਼ਟਰਪਤੀ ਪਿਛਲੇ ਕੁਝ ਸਾਲਾਂ ਤੋਂ UNGA ਦੇ ਮੰਚ ਤੋਂ ਕਸ਼ਮੀਰ ਦਾ ਮੁੱਦਾ ਚੁੱਕਦੇ ਆ ਰਹੇ ਹਨ।
ਕਸ਼ਮੀਰ ਤੋਂ ਇਲਾਵਾ ਏਰਦੋਗਨ ਦੇ ਭਾਸ਼ਣ ਵਿੱਚ ਗਾਜ਼ਾ ਦਾ ਮੁੱਦਾ ਵੀ ਛਾਇਆ ਰਿਹਾ। ਉਨ੍ਹਾਂ ਨੇ ਗਾਜ਼ਾ 'ਚ ਅੰਤਰਰਾਸ਼ਟਰੀ ਕਾਰਵਾਈ, ਫਲਸਤੀਨੀ ਰਾਜ ਨੂੰ ਮੁੜ ਮਾਨਤਾ ਦੇਣ, ਇਜ਼ਰਾਈਲ ਦੇ ਫੌਜੀ ਅਭਿਆਨ ਦੀ ਆਲੋਚਨਾ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (UNSC) ਵਿੱਚ ਸੁਧਾਰਾਂ ਦੀ ਮੰਗ ਕੀਤੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਏਰਦੋਗਨ ਕਸ਼ਮੀਰ 'ਤੇ ਟਿੱਪਣੀਆਂ ਕਰ ਚੁੱਕੇ ਹਨ, ਜਿਸ 'ਤੇ ਨਵੀਂ ਦਿੱਲੀ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ। ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਤੁਰਕੀ ਨੂੰ ਦੂਜੇ ਦੇਸ਼ਾਂ ਦੀ ਪ੍ਰਭੂਸੱਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਟਿੱਪਣੀ ਕਰਨ ਤੋਂ ਬਚਣਾ ਚਾਹੀਦਾ ਹੈ।
