ਲੱਗਿਆ ਟਰੰਪ ਦਾ 'ਸੋਨੇ' ਦਾ ਬਣਿਆ ਬਿਨਾਂ ਕੱਪੜਿਆਂ ਵਾਲਾ 'ਬੁੱਤ' ! ਬਣਿਆ ਚਰਚਾ ਦਾ ਵਿਸ਼ਾ

Friday, Oct 09, 2026 - 12:21 PM (IST)

ਲੱਗਿਆ ਟਰੰਪ ਦਾ 'ਸੋਨੇ' ਦਾ ਬਣਿਆ ਬਿਨਾਂ ਕੱਪੜਿਆਂ ਵਾਲਾ 'ਬੁੱਤ' ! ਬਣਿਆ ਚਰਚਾ ਦਾ ਵਿਸ਼ਾ

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀਆਂ ਸਖ਼ਤ ਨੀਤੀਆਂ ਕਾਰਨ ਅੰਤਰਰਾਸ਼ਟਰੀ ਪੱਧਰ 'ਤੇ ਲੋਕਪ੍ਰਿਅਤਾ ਗੁਆ ਰਹੇ ਹਨ। ਹੁਣ ਫਰਾਂਸ ਦੇ ਸਟ੍ਰਾਸਬਰਗ ਵਿੱਚ ਯੂਰਪੀ ਸੰਸਦ ਦੀਆਂ ਇਮਾਰਤਾਂ ਦੇ ਨੇੜੇ ਰਾਸ਼ਟਰਪਤੀ ਟਰੰਪ ਦਾ 23 ਕੈਰੇਟ ਸੋਨੇ ਦੀ ਬਣਿਆ ਨਗਨ ਬੁੱਤ ਲਗਾਇਆ ਗਿਆ ਹੈ। ਬੁੱਤ ਲਗਾਏ ਜਾਣ ਤੋਂ ਬਾਅਦ ਇਹ ਚਰਚਾ ਦਾ ਕੇਂਦਰ ਬਣ ਗਿਆ ਹੈ। ਕਰੀਬ 8.5 ਫੁੱਟ ਉੱਚੇ ਇਸ ਬੁੱਤ ਨੂੰ ‘ਆਰੇਂਜ ਪਲੇਗ’ ਨਾਮ ਦਿੱਤਾ ਗਿਆ ਹੈ। ਇਸ ਨੂੰ ਡੈਨਮਾਰਕ ਦੇ ਕਲਾਕਾਰ ਜੇਂਸ ਗੈਲਸ਼ਿਓਟ ਨੇ ਤਿਆਰ ਕੀਤਾ ਹੈ। ਜ਼ਿਕਰਯੋਗ ਹੈ ਕਿ 2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਟਰੰਪ ਦਾ ਇੱਕ ਵਿਸ਼ਾਲ ਬੁੱਤ ਲਗਭਗ 43 ਫੁੱਟ ਉੱਚਾ ਕਈ ਚੋਣ ਰਾਜਾਂ ਵਿੱਚ ਦਿਖਾਇਆ ਗਿਆ ਸੀ। 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਵੀ ਵੱਖ-ਵੱਖ ਥਾਵਾਂ 'ਤੇ ਟਰੰਪ ਦੇ ਪੰਜ ਆਦਮਕਦ ਨਗਨ ਬੁੱਤ ਸਥਾਪਿਤ ਕੀਤੇ ਗਏ ਸਨ।

ਮੌਜੂਦਾ ਬੁੱਤ ਵਿੱਚ ਟਰੰਪ ਨੂੰ ਨਗਨ ਹਾਲਤ ਵਿੱਚ ਇੱਕ ਛੋਟੇ ਕੱਪੜੇ ਪਹਿਨੇ ਵਿਅਕਤੀ ਦੇ ਮੋਢਿਆਂ ’ਤੇ ਬੈਠਾ ਦਿਖਾਇਆ ਗਿਆ ਹੈ। ਉਨ੍ਹਾਂ ਦੇ ਇੱਕ ਹੱਥ ਵਿੱਚ ਨਿਆਂ ਦਾ ਤਰਾਜੂ, ਜਦਕਿ ਦੂਜੇ ਹੱਥ ਵਿੱਚ ਲੰਮਾ ਗੋਲਫ ਕਲੱਬ ਹੈ। ਗੋਲਫ ਕਲੱਬ ਦੇ ਨੇੜੇ ਰੱਖੀ ਗੋਲਫ ਬਾਲ ਨੂੰ ਧਰਤੀ ਦਾ ਪ੍ਰਤੀਕ ਦਰਸਾਇਆ ਗਿਆ ਹੈ। ਮੂਰਤੀ ਦੇ ਅਧਾਰ ’ਤੇ ਲਿਖੇ ਸੰਦੇਸ਼ ਰਾਹੀਂ ਸੱਤਾ ਦੇ ਬੋਝ ਅਤੇ ਇਸ ਦੇ ਪ੍ਰਭਾਵ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਬੁੱਤ ਨੂੰ ‘ਅਨਿਆਂ ਦਾ ਰਾਜਾ’ ਵੀ ਕਿਹਾ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-  ਕੈਨੇਡਾ ਦੇ ਹੋਣਗੇ 4 ਟੋਟੇ ! ਐਲਨ ਮਸਕ ਦੇ ਬਿਆਨ 'ਤੇ PM ਕਾਰਨੀ ਨੇ ਦਿੱਤਾ ਕਰਾਰਾ ਜਵਾਬ

ਕਲਾਕਾਰ ਜੇਂਸ ਗੈਲਸ਼ਿਓਟ ਮੁਤਾਬਕ ਇਹ ਬੁੱਤ ਮਸ਼ਹੂਰ ਪਰੀ-ਕਥਾ ‘ਦ ਐਂਪਰਰਜ਼ ਨਿਊ ਕਲੋਥਸ’ ਤੋਂ ਪ੍ਰੇਰਿਤ ਹੈ। ਇਸ ਕਹਾਣੀ ਵਿੱਚ ਇੱਕ ਘਮੰਡੀ ਸ਼ਾਸਕ ਆਪਣੇ ਆਪ ਨੂੰ ਸ਼ਾਨਦਾਰ ਕੱਪੜਿਆਂ ਵਿੱਚ ਸਮਝਦਾ ਹੈ, ਜਦਕਿ ਅਸਲ ਵਿੱਚ ਉਹ ਨਗਨ ਹੁੰਦਾ ਹੈ। ਕਲਾਕਾਰ ਨੇ ਇਸ ਕਹਾਣੀ ਦੇ ਰੂਪਕ ਰਾਹੀਂ ਸੱਤਾ, ਘਮੰਡ ਅਤੇ ਲੋਕਾਂ ਦੀ ਚੁੱਪੀ ’ਤੇ ਸਵਾਲ ਚੁੱਕਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬੁੱਤ ਟਰੰਪ ਦੀਆਂ ਨੀਤੀਆਂ ਦਾ ਵਿਰੋਧ ਪ੍ਰਗਟ ਕਰਨ ਦਾ ਇੱਕ ਵਿਅੰਗਮਈ ਤਰੀਕਾ ਹੈ। ਇਸ ਨੂੰ ਸੁਨਹਿਰੀ ਰੰਗ ਦਿੱਤਾ ਗਿਆ ਹੈ ਕਿਉਂਕਿ ਟਰੰਪ ਨੂੰ ਸੋਨਾ ਪਸੰਦ ਹੈ। ਗੈਲਸ਼ਿਓਟ ਨੇ ਕਿਹਾ ਕਿ ਉਨ੍ਹਾਂ ਦੀ ਨਜ਼ਰ ਵਿੱਚ ਟਰੰਪ ਨਿਯਮਾਂ ’ਤੇ ਆਧਾਰਿਤ ਵਿਸ਼ਵ ਵਿਵਸਥਾ, ਲੋਕਤੰਤਰਿਕ ਕਦਰਾਂ-ਕੀਮਤਾਂ ਅਤੇ ਜਲਵਾਯੂ ਸੰਕਟ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਲਈ ਵੱਡੇ ਖਤਰਿਆਂ ਵਿੱਚੋਂ ਇੱਕ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਅਜਿਹੇ ਪ੍ਰਭਾਵਾਂ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕੀਤੀ। ਬੁੱਤ ਨੇ ਸਟ੍ਰਾਸਬਰਗ ਵਿੱਚ ਸਿਆਸੀ ਅਤੇ ਕਲਾਤਮਕ ਚਰਚਾ ਨੂੰ ਨਵਾਂ ਵਿਸ਼ਾ ਦੇ ਦਿੱਤਾ ਹੈ।

ਯੂਰਪੀਅਨ ਸੰਸਦ ਦੇ ਮੈਂਬਰਾਂ ਨੂੰ ਇਸ ਇਮਾਰਤ ਵਿੱਚ ਪ੍ਰਦਰਸ਼ਨੀਆਂ ਲਗਾਉਣ ਦੀ ਇਜਾਜ਼ਤ ਹੈ। ਇਸ ਪ੍ਰਦਰਸ਼ਨੀ ਦੇ ਸਪਾਂਸਰ, ਕਲੌਸੇਨ, ਡੈਨਮਾਰਕ ਦੀ ਸੋਸ਼ਲਿਸਟ ਰੈੱਡ-ਗ੍ਰੀਨ ਅਲਾਇੰਸ ਪਾਰਟੀ ਦੇ ਮੈਂਬਰ ਹਨ। ਨਿਯਮਾਂ ਅਨੁਸਾਰ ਭੜਕਾਊ ਜਾਂ ਕਦਰਾਂ-ਕੀਮਤਾਂ ਦੇ ਉਲਟ ਮੰਨੀਆਂ ਜਾਣ ਵਾਲੀਆਂ ਪ੍ਰਦਰਸ਼ਨੀਆਂ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਂਦੀ। ਅਜਿਹੀ ਸਥਿਤੀ ਵਿੱਚ, ਟਰੰਪ ਦੇ ਬੁੱਤ ਦੀ ਪ੍ਰਵਾਨਗੀ ਨੂੰ ਯੂਰਪੀਅਨ ਨੇਤਾਵਾਂ ਦੁਆਰਾ ਉਨ੍ਹਾਂ ਦੀਆਂ ਨੀਤੀਆਂ ਦੇ ਖਿਲਾਫ ਇੱਕ ਚੁੱਪ ਵਿਰੋਧ ਵਜੋਂ ਦੇਖਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News