ਚੀਨ ਦੀ ਕੋਵਿਡ-19 ਵੈਕਸੀਨ ਨਾਲ ਟੀਕਾਕਰਨ ਸ਼ੁਰੂ ਕਰੇਗਾ ਇਹ ਮੁਲਕ
Friday, Dec 25, 2020 - 03:08 PM (IST)
ਇਸਾਂਬੁਲ- ਤੁਰਕੀ ਜਲਦੀ ਹੀ ਚੀਨ ਦੇ ਕੋਰੋਨਾ ਵਾਇਰਸ ਟੀਕੇ ਨਾਲ ਆਪਣੇ ਦੇਸ਼ ਵਿਚ ਕੋਵਿਡ-19 ਦਾ ਟੀਕਾਕਰਨ ਸ਼ੁਰੂ ਕਰੇਗਾ। ਤੁਰਕੀ ਦੇ ਸਿਹਤ ਮੰਤਰੀ ਫਹਿਰੇਤਿਨ ਕੋਜ਼ਾ ਨੇ ਵੀਰਵਾਰ ਨੂੰ ਕਿਹਾ ਕਿ ਤੁਰਕੀ ਨੂੰ ਚੀਨ ਦੇ ਸਿਨੋਵੈਕ ਕੋਰੋਨਾ ਵਾਇਰਸ ਟੀਕੇ ਦੀ ਪਹਿਲੀ ਖੇਪ ਕੁਝ ਦਿਨਾਂ ਵਿਚ ਮਿਲ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਟੀਕਾ ਉੱਥੇ ਕਰਾਏ ਗਏ ਟ੍ਰਇਲਾਂ ਵਿਚ 91 ਫ਼ੀਸਦੀ ਪ੍ਰਭਾਵਸ਼ਾਲੀ ਦਿਸਿਆ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਅੰਕਾਰਾ ਅਗਲੇ ਦਿਨਾਂ ਵਿਚ ਫਾਈਜ਼ਰ/ਬਾਇਓਨਟੈਕ ਟੀਕੇ ਦੀਆਂ 4.5 ਮਿਲੀਅਨ ਖੁਰਾਕਾਂ ਲਈ ਵੀ ਸੌਦੇ 'ਤੇ ਦਸਤਖ਼ਤ ਕਰੇਗਾ। ਇਸ ਤੋਂ ਇਲਾਵਾ ਉਸ ਕੋਲ 30 ਮਿਲੀਅਨ ਹੋਰ ਖੁਰਾਕਾਂ ਮੰਗਵਾਉਣ ਦਾ ਵਿਕਲਪ ਰਹੇਗਾ।
ਕੋਜ਼ਾ ਨੇ ਕਿਹਾ ਕਿ ਤੁਰਕੀ ਨੂੰ ਇਸ ਐਤਵਾਰ ਨੂੰ ਚੀਨ ਦੇ ਟੀਕੇ ਦੀ ਪਹਿਲੀ ਖੇਪ ਮਿਲ ਜਾਏਗੀ। ਉਨ੍ਹਾਂ ਕਿਹਾ ਕਿ ਤੁਰਕੀ ਵਿਚ 7,371 ਵਾਲੰਟੀਅਰਾਂ 'ਤੇ ਚੀਨ ਦੇ ਟੀਕੇ ਦੇ ਸ਼ੁਰੂਆਤੀ ਟ੍ਰਾਇਲ ਕਰਾਏ ਗਏ ਗਨ, ਜਿਸ ਵਿਚ ਇਸ ਦੇ 91.25 ਫ਼ੀਸਦੀ ਅਸਰਦਾਰ ਹੋਣ ਦਾ ਪਤਾ ਲੱਗਾ ਹੈ, ਹਾਲਾਂਕਿ ਅਜੇ ਇਸ ਦੇ ਤੀਜੇ ਫੇਜ ਦਾ ਟ੍ਰਾਇਲ ਪੂਰਾ ਨਹੀਂ ਹੋਇਆ ਹੈ। ਸਿਹਤ ਮੰਤਰੀ ਨੇ ਕਿਹਾ ਟੀਕਾਕਰਨ ਸ਼ੁਰੂ ਹੋਣ ਤੋਂ ਬਾਅਦ ਤੁਰਕੀ ਹਰ ਰੋਜ਼ 1.5 ਮਿਲੀਅਨ ਤੋਂ ਲੈ ਕੇ 2 ਮਿਲੀਅਨ ਲੋਕਾਂ ਤੱਕ ਲੋਕਾਂ ਨੂੰ ਟੀਕਾ ਲਾ ਸਕੇਗਾ। ਉਨ੍ਹਾਂ ਕਿਹਾ ਕਿ ਟੀਕਾਕਰਨ ਦੇ ਪਹਿਲੇ ਪੜਾਅ ਵਿਚ 9 ਮਿਲੀਅਨ ਲੋਕਾਂ ਦਾ ਟੀਕਾਕਰਨ ਕੀਤਾ ਜਾਵੇਗਾ। ਗੌਰਤਲਬ ਹੈ ਕਿ 83 ਮਿਲੀਅਨ ਦੀ ਅਬਾਦੀ ਵਾਲੇ ਤੁਰਕੀ ਵਿਚ ਹੁਣ ਤੱਕ ਕੁੱਲ 2.2 ਮਿਲੀਅਨ ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਕੁੱਲ 19,115 ਲੋਕਾਂ ਦੀ ਮੌਤ ਹੋ ਚੁੱਕੀ ਹੈ।