ਸੀਰੀਆ ''ਚ ਅਮਰੀਕੀ ਫੌਜੀਆਂ ਨੂੰ ਨਹੀਂ ਬਣਾਇਆ ਨਿਸ਼ਾਨਾ : ਤੁਰਕੀ
Saturday, Oct 12, 2019 - 05:43 PM (IST)

ਇਸਤਾਨਬੁਲ (ਏ.ਐਫ.ਪੀ.)- ਤੁਰਕੀ ਨੇ ਉੱਤਰੀ ਸੀਰੀਆ 'ਚ ਅਮਰੀਕੀ ਫੌਜੀ ਅੱਡੇ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਤੋਂ ਸ਼ਨੀਵਾਰ ਨੂੰ ਇਨਕਾਰ ਕੀਤਾ। ਇਸ ਤੋਂ ਪਹਿਲਾਂ ਪੈਂਟਾਗਨ ਨੇ ਕਿਹਾ ਸੀ ਕਿ ਉਸ ਦੇ ਫੌਜੀ ਤੋਪ ਨਾਲ ਕੀਤੇ ਗਏ ਹਮਲੇ ਦੀ ਮਾਰ ਵਿਚ ਆਏ ਹਨ। ਤੁਰਕੀ ਦੇ ਰੱਖਿਆ ਮੰਤਰੀ ਖੁਲੂਸੀ ਆਕਾਰ ਨੇ ਸਰਕਾਰੀ ਨਿਊਜ਼ ਏਜੰਸੀ ਅਨਾਦੋਲੂ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਅਮਰੀਕਾ ਦੀ ਨਿਗਰਾਨੀ ਚੌਕੀ 'ਤੇ ਕੋਈ ਹਮਲਾ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਹਮਲੇ ਤੋਂ ਪਹਿਲਾਂ ਸਾਰੇ ਅਹਿਤਿਆਤੀ ਕਦਮ ਚੁੱਕਣ ਗਏ ਸਨ।
ਲਿਹਾਜ਼ਾ ਅਮਰੀਕੀ ਚੌਕੀਆਂ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਸੰਪਰਕ ਕਰਨ ਤੋਂ ਬਾਅਦ ਤੁਰਕੀ ਦੇ ਦਸਤਿਆਂ ਨੇ ਅਹਿਤੀਆਤਨ ਗੋਲੀਬਾਰੀ ਰੋਕ ਦਿੱਤੀ। ਆਕਾਰ ਨੇ ਕਿਹਾ ਕਿ ਵੈਸੇ ਵੀ ਸਾਡੇ ਕਮਾਨ ਕੇਂਦਰਾਂ ਅਤੇ ਅਮਰੀਕਾ ਵਿਚਾਲੇ ਜ਼ਰੂਰੀ ਤਾਲਮੇਲ ਬਣਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਤੁਰਕੀ ਕੁਰਦ ਲੜਾਕਿਆਂ ਦੀ ਅਗਵਾਈ ਵਾਲੇ ਸੀਰੀਆਈ ਲੋਕਤੰਤਰਿਕ ਦਸਤਿਆਂ (ਐਸ.ਡੀ.ਐਫ.) ਨੂੰ ਨਿਸ਼ਾਨਾ ਬਣਾ ਰਿਹਾ ਹੈ, ਜੋ ਇਸਲਾਮਿਕ ਸਟੇਟ ਸਮੂਹ ਨੂੰ ਹਰਾਉਣ ਦੇ ਪੰਜ ਸਾਲ ਦੀ ਮੁਹਿੰਮ ਵਿਚ ਅਮਰੀਕਾ ਦਾ ਮੁੱਖ ਸਹਿਯੋਗੀ ਰਿਹਾ ਹੈ।