ਟਰਬਨ ਫਾਰ ਆਸਟ੍ਰੇਲੀਆ ਵਲੋਂ ਬ੍ਰਿਸਬੇਨ ਵਿਖੇ ਦਸਤਾਰ ਜਾਗਰੂਕਤਾ ਕੈਂਪ ਅਤੇ ਫੂਡ ਵੈਨ ਦਾ ਉਦਘਾਟਨ
Tuesday, Jul 12, 2022 - 03:43 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) ਪੰਜਾਬੀਆਂ ਦੇ ਸ਼ਾਨਾਮਤੀ ਵਿਰਸੇ ਨੂੰ ਪ੍ਰਫੁਲਿੱਤ ਕਰਨ ਤੇ ਅਜੋਕੀ ਪੀੜ੍ਹੀ ਨੂੰ ਸਿੱਖ ਇਤਿਹਾਸ ਤੇ ਰਹਿਤ ਮਰਿਆਦਾ ਤੋਂ ਜਾਣੂ ਕਰਵਾਉਣ ਹਿੱਤ ‘ਟਰਬਨ ਫ਼ਾਰ ਆਸਟ੍ਰੇਲੀਆ ਸੰਸਥਾ’ ਦੇਸ਼ ਤੇ ਵਿਦੇਸ਼ ਵਿੱਚ ਸਿੱਖ ਧਰਮ ਦੀ ਚੜ੍ਹਦੀ ਕਲਾ ਵਾਸਤੇ ਨਿਰੰਤਰ ਕਾਰਜਸ਼ੀਲ ਹੈ। ਟਰਬਨ ਫ਼ਾਰ ਆਸਟ੍ਰੇਲੀਆ ਸੰਸਥਾ ਵੱਲੋ ਸੰਗਤਾਂ ਦੇ ਸਹਿਯੋਗ ਨਾਲ ਬ੍ਰਿਸਬੇਨ ਸ਼ਹਿਰ ਦੇ ਕੁਈਨਜ਼ ਸਟਰੀਟ ਸਿਟੀ ਸੈਂਟਰ ਵਿਖੇ ਦਸਤਾਰ ਤੇ ਦੁਮਾਲੇ ਸਜਾਉਣ ਦਾ ਸਿੱਖਲਾਈ ਤੇ ਜਾਗਰੂਕਤਾ ਕੈਂਪ ਲਗਾਇਆ ਗਿਆ।
'ਟਰਬਨ ਫਾਰ ਆਸਟ੍ਰੇਲੀਆ' ਦੇ ਅਮਰ ਸਿੰਘ ਸਿਡਨੀ, ਹਰਸ਼ਪ੍ਰੀਤ ਸਿੰਘ, ਤਰੁਨਵੀਰ ਸਿੰਘ, ਹਰਿੰਦਰ ਸਿੰਘ, ਹਰਮਨਦੀਪ ਸਿੰਘ, ਸੰਤ ਸਿੰਘ ਅਤੇ ਮਨਜੀਤ ਬੋਪਾਰਾਏ ਦੀ ਅਗਵਾਈ ਵਿੱਚ ਬੇਘਰੇ ਲੋਕਾਂ ਅਤੇ ਕੁਦਰਤੀ ਆਫ਼ਤ ਸਮੇ ਲੋੜਵੰਦ ਲੋਕਾਈ ਲਈ ਮੁਫਤ ਭੋਜਨ ਮੁਹੱਈਆ ਕਰਵਾਉਣ ਲਈ ਫੂਡ ਵੈਨ ਦਾ ਵੀ ਉਦਘਾਟਨੀ ਸਮਾਗਮ ਕੀਤਾ ਗਿਆ। ਦਸਤਾਰ ਜਾਗਰੂਕਤਾ ਕੈਂਪ ਵਿੱਚ ਆਸਟ੍ਰੇਲੀਆਈ ਤੇ ਹੋਰ ਵੀ ਵੱਖ-ਵੱਖ ਭਾਈਚਾਰਿਆਂ ਦੀ ਲੋਕਾਈ ਦੇ ਸਿਰਾਂ ’ਤੇ ਦਸਤਾਰ ਸਜਾ ਕੇ ਸਿੱਖ ਧਰਮ ਦੇ ਫ਼ਲਸਫੇ ਅਤੇ ਦਸਤਾਰ ਦੀ ਮਹੱਤਤਾ ਬਾਰੇ ਲੋਕਾ ਨੂੰ ਜਾਗਰੂਕ ਕੀਤਾ ਗਿਆ। ਸਥਾਨਕ ਤੇ ਵੱਖ-ਵੱਖ ਭਾਈਚਾਰਿਆਂ ਦੇ ਲੋਕ ਬਹੁਤ ਹੀ ਉਤਸ਼ਾਹ ਨਾਲ ਇਹ ਸਾਰਾ ਅਲੌਕਿਕ ਨਜ਼ਾਰਾ ਵੇਖ ਰਹੇ ਸਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਨੇ ਦਿੱਤੀ ਚਿਤਾਵਨੀ, ਰੂਸ ਨੂੰ ਹਥਿਆਰਬੰਦ 'ਡਰੋਨਾਂ' ਦੀ ਸਪਲਾਈ ਕਰਨ ਵਾਲਾ ਹੈ ਈਰਾਨ
ਇਸ ਮੌਕੇ ਮਨਮੀਤ ਬੋਪਾਰਾਏ, ਹਰਸ਼ਪ੍ਰੀਤ ਸਿੰਘ, ਤਰੁਨਵੀਰ ਸਿੰਘ, ਹਰਿੰਦਰ ਸਿੰਘ, ਹਰਮਨਦੀਪ ਸਿੰਘ, ਸੰਤ ਸਿੰਘ ਆਦਿ ਨੇ ਆਪਣੇ-ਆਪਣੇ ਸੰਬੋਧਨ ਕਿਹਾ ਕਿ ਟਰਬਨ ਫ਼ਾਰ ਆਸਟ੍ਰੇਲੀਆ ਸੰਸਥਾ ਵਲੋਂ ਵਿਦੇਸ਼ਾ ਵਿੱਚ ਹੋਰ ਕੌਮਾਂ ਨੂੰ ਸਿੱਖ ਇਤਿਹਾਸ ਤੇ ਪੰਜਾਬੀਅਤ ਬਾਰੇ ਜਾਗਰੂਕ ਕਰਨਾ ਤੇ ਧਰਮ ਦੇ ਪਸਾਰ ਅਤੇ ਕੁਦਰਤੀ ਆਫਤ ਸਮੇ ਲੋੜਵੰਦ ਲੋਕਾਂ ਲਈ ਮੁਫਤ ਭੋਜਨ ਮੁਹੱਈਆ ਕਰਵਾਉਣਾ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ।ਅਮਰ ਸਿੰਘ ਸਿਡਨੀ ਨੇ ਕਿਹਾ ਕਿ ਆਸਟ੍ਰੇਲੀਆ ਬਹੁ-ਸੱਭਿਆਚਾਰਕ ਮੁਲਕ ਹੈ, ਜਿੱਥੇ ਹਰ ਸਮਾਜ ਦੀਆ ਕਦਰਾਂ ਕੀਮਤਾਂ ਦਾ ਸਨਮਾਨ ਕੀਤਾ ਜਾਦਾ ਹੈ। ਉਨ੍ਹਾਂ ਮਾਪਿਆਂ ਤੇ ਸੰਸਥਾਵਾ ਨੂੰ ਆਪਣੇ ਫਰਜਾਂ ਪ੍ਰਤੀ ਸੁਹਿਰਦ ਹੋ ਕੇ ਬੱਚਿਆਂ ਨੂੰ ਗੁਰਬਾਣੀ, ਗੌਰਵਮਈ ਸਿੱਖ ਇਤਿਹਾਸ ਤੇ ਸਿੱਖ ਰਹਿਤ ਮਰਿਆਦਾ ਦੇ ਫ਼ਲਸਫੇ ਬਾਰੇ ਜਾਣਕਾਰੀ ਸੰਜੀਦਗੀ ਨਾਲ ਮੁਹੱਈਆ ਕਰਵਾਉਣ ਤਾਂ ਜੋ ਅਜੋਕੀ ਪੀੜ੍ਹੀ ਸਹਿਜੇ ਹੀ ਸਿੱਖ ਧਰਮ, ਦਸਤਾਰ ਦੇ ਮਹੱਤਵ, ਚੰਗੀ ਜੀਵਨ ਜਾਂਚ ਦੀ ਧਾਰਨੀ ਹੋ ਕੇ ਨਰੋਆ, ਨਸ਼ਾ ਰਹਿਤ ਸਮਾਜ ਦੀ ਸਿਰਜਣਾ ਕਰਨ ਵਿੱਚ ਯੋਗਦਾਨ ਪਾ ਸਕਦੀ ਹੈ।