ਟਰੰਪ ਆਪਣੇ ਨਵੇਂ ਤਰੀਕੇ ''ਚ ਫਸਾਉਣਗੇ ਕਿਮ ਜੋਂਗ ਓਨ ਨੂੰ
Saturday, Sep 21, 2019 - 02:47 AM (IST)

ਸਿਓਲ-ਵਾਸ਼ਿੰਗਟਨ - ਉੱਤਰੀ ਕੋਰੀਆ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਦੀ ਤਰੀਫ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਆਖਿਆ ਸੀ ਪਿਓਂਗਯਾਂਗ ਦੇ ਨਾਲ ਪ੍ਰਮਾਣੂ ਵਾਰਤਾ ਦਾ ਨਵਾਂ ਤਰੀਕਾ ਅਪਣਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਦੇ ਸ਼ਾਸ਼ਕ ਕਿਮ ਜੋਂਗ ਓਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਹੁਣ ਤੱਕ 2 ਵਾਰ ਮੁਲਾਕਾਤ ਹੋ ਚੁੱਕੀ ਹੈ ਪਰ ਪ੍ਰਮਾਣੂ ਮਸਲੇ 'ਤੇ ਜ਼ਿਆਦਾ ਤਰੱਕੀ ਦੇਖਣ ਨੂੰ ਨਹੀਂ ਮਿਲੀ ਹੈ।
़
ਦੋਹਾਂ ਦੇਸ਼ਾਂ ਵਿਚਾਲੇ ਮਹੀਨਿਆਂ ਤੋਂ ਇਸ ਮਸਲੇ 'ਤੇ ਕੋਈ ਸਮਝੌਤਾ ਨਹੀਂ ਹੋ ਪਾਇਆ ਜਿਹੜਾ ਕਿ ਪਾਬੰਦੀਆਂ ਤੋਂ ਰਾਹਤ ਅਤੇ ਪ੍ਰਮਾਣੂ ਹਥਿਆਰਾਂ ਨੂੰ ਤਬਾਹ ਕਰਨ ਦੇ ਮੁੱਦਿਆਂ 'ਤੇ ਲਟਕਿਆ ਹੋਇਆ ਹੈ। ਉੱਤਰੀ ਕੋਰੀਆ ਦੇ ਕੂਟਨੀਤਕ ਕਿਮ ਮਿਯੋਂਗ ਗਿਲ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰ ਜਾਨ ਬੋਲਟਨ ਨੂੰ ਐੱਨ. ਐੱਸ. ਏ. ਦੇ ਅਹੁਦੇ ਤੋਂ ਹਟਾਏ ਜਾਣ ਦੇ ਟਰੰਪ ਦੇ ਫੈਸਲੇ ਦੀ ਤਰੀਫ ਕੀਤੀ। ਉਨ੍ਹਾਂ ਨੂੰ ਉਮੀਦ ਜ਼ਾਹਿਰ ਕੀਤੀ ਹੈ ਕਿ ਅਮਰੀਕਾ ਦੇ ਨਾਲ ਗੱਲਬਾਤ ਜਲਦ ਸ਼ੁਰੂ ਹੋ ਸਕਦੀ ਹੈ।
ਪਿਓਂਗਯਾਂਗ ਲਗਾਤਾਰ ਇਹ ਮੰਗ ਕਰਦਾ ਰਿਹਾ ਹੈ ਕਿ ਅਮਰੀਕਾ ਨੂੰ ਫਰਵਰੀ 'ਚ ਕਿਮ ਜੋਂਗ ਵਿਚਾਲੇ ਮੁਲਾਕਾਤ ਦੇ ਸਫਲ ਨਾ ਰਹਿਣ ਤੋਂ ਬਾਅਦ ਅਪਣਾਏ ਜਾ ਰਹੇ ਆਪਣੇ ਰੁਖ 'ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਬੋਲਟਨ ਨੂੰ ਇਹ ਆਖਦੇ ਹੋਏ ਅਹੁਦੇ ਤੋਂ ਹਟਾ ਦਿੱਤਾ ਸੀ ਕਿ ਕਈ ਮਾਮਲਿਆਂ 'ਚ ਦੋਹਾਂ ਦੇ ਵਿਚਾਰ ਮੇਲ ਨਹੀਂ ਖਾਂਦੇ। ਉਨ੍ਹਾਂ ਨੇ ਬੁੱਧਵਾਰ ਨੂੰ ਉੱਤਰੀ ਕੋਰੀਆ ਦੇ ਲੀਬੀਆ ਮਾਡਲ ਮੁਤਾਬਕ ਇਕ-ਪੱਖੀ ਪ੍ਰਮਾਣੂ ਹਥਿਆਰਾਂ ਨੂੰ ਖਤਮ ਕੀਤੇ ਜਾਣ ਦੀ ਵਕਾਲਤ ਕਰਨ ਦੀ ਨਿੰਦਾ ਕੀਤੀ ਸੀ। ਟਰੰਪ ਨੇ ਆਖਿਆ ਕਿ ਨਵਾਂ ਤਰੀਕਾ ਸਭ ਤੋਂ ਚੰਗਾ ਰਹੇਗਾ।