ਅਮਰੀਕਾ ਤੇ ਚੀਨ ਵਿਚਾਲੇ ਜਲਦ ਹੋ ਸਕਦੈ ਵਪਾਰਕ ਸਮਝੌਤਾ: ਟਰੰਪ
Friday, Nov 29, 2019 - 08:14 AM (IST)

ਵਾਸ਼ਿੰਗਟਨ- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ ਵਪਾਰ ਸਮਝੌਤੇ 'ਤੇ ਚੀਨ ਨਾਲ ਪਹਿਲੇ ਫੇਸ ਦੀ ਗੱਲਬਾਤ ਵਿਚ ਆਪਣੇ ਆਖਰੀ ਪੜਾਅ 'ਤੇ ਪਹੁੰਚ ਗਿਆ ਹੈ। ਉਹਨਾਂ ਕਿਹਾ ਕਿ ਦੋਵਾਂ ਪੱਖਾਂ ਵਲੋਂ ਇਸ ਮੁੱਦੇ 'ਤੇ ਫੋਨ ਰਾਹੀਂ ਗੱਲਬਾਤ ਤੋਂ ਬਾਅਦ ਤਕਰੀਬਨ ਦੋ ਸਾਲਾਂ ਤੋਂ ਚੱਲੀ ਆ ਰਹੀ ਗੱਲਬਾਤ ਦੇ ਆਖਰੀ ਪੜਾਅ ਵਿਚ ਪਹੁੰਚਣ ਦੀ ਉਮੀਦ ਹੈ।
ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅਸੀਂ ਇਸ ਮਹੱਤਵਪੂਰਨ ਸਮਝੌਤੇ ਦੇ ਅੰਤਮ ਪੜਾਅ ਵਿਚ ਹਾਂ। ਇਹ ਬਹੁਤ ਵਧੀਆ ਚਲ ਰਿਹਾ ਹੈ। ਰਾਸ਼ਟਰਪਤੀ ਨੇ ਮੰਗਲਵਾਰ ਨੂੰ ਸਾਬਕਾ ਫੌਕਸ ਨਿਊਜ਼ ਦੇ ਹੋਸਟ ਬਿਲ ਓਰਲੀ ਨਾਲ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਹ ਅਮਰੀਕਾ ਲਈ ਬਿਹਤਰ ਸ਼ਰਤਾਂ ਨੂੰ ਯਕੀਨੀ ਬਣਾਉਣ ਲਈ ਵਪਾਰਕ ਸੌਦਾ ਕਰ ਰਿਹੇ ਹਨ। ਉਹਨਾਂ ਕਿਹਾ ਕਿ ਮੈਂ ਇਸ ਨੂੰ ਕਰ ਰਿਹਾ ਹਾਂ ਕਿਉਂਕਿ ਇਹ ਚੰਗਾ ਸੌਦਾ ਬਣ ਗਿਆ ਹੈ। ਸਾਨੂੰ ਇਹ ਸੌਦਾ ਕਰਨਾ ਚਾਹੀਦਾ ਹੈ ਕਿਉਂਕਿ ਸਾਨੂੰ ਇਸ ਦੀ ਲੋੜ ਹੈ।
ਟਰੰਪ ਨੇ 11 ਅਕਤੂਬਰ ਨੂੰ ਐਲਾਨ ਕੀਤਾ ਸੀ ਕਿ ਅਮਰੀਕਾ ਇਕ ਮਹੱਤਵਪੂਰਨ ਪਰ ਅੰਸ਼ਕ ਸੌਦੇ ਦੀ ਰੂਪ ਰੇਖਾ 'ਤੇ ਪਹੁੰਚ ਗਿਆ ਹੈ, ਜਿਸ ਵਿਚ ਚੀਨ ਨੂੰ ਅਮਰੀਕੀ ਖੇਤੀ ਦੀਆਂ ਚੀਜ਼ਾਂ ਦੀ ਖਰੀਦ ਵਧਾਉਣ, ਅਮਰੀਕੀ ਬੌਧਿਕ ਜਾਇਦਾਦ ਦੀ ਰਾਖੀ ਲਈ ਨਵੀਂਆਂ ਵਚਨਬੱਧਤਾਵਾਂ ਕਰਨ, ਇਸ ਦੀ ਮੁਦਰਾ ਵਿਚ ਹੇਰਾਫੇਰੀ ਕਰਨ ਤੋਂ ਗੁਰੇਜ਼ ਕਰਨ ਤੇ ਵਿਦੇਸ਼ੀ ਨਿਵੇਸ਼ਕਾਂ ਲਈ ਹੋਰ ਵਿੱਤੀ ਕੇਂਦਰ ਖੋਲ੍ਹਣ ਦੀ ਲੋੜ ਹੋਵੇਗੀ। ਉਸ ਸਮੇਂ ਤੋਂ, ਦੋਵੇਂ ਧਿਰਾਂ ਇਸ ਗੱਲ 'ਤੇ ਝਗੜ ਰਹੀਆਂ ਹਨ ਕਿ ਸੌਦੇ ਨੂੰ ਕਾਗਜ਼ 'ਤੇ ਕਿਵੇਂ ਲਿਆਂਦਾ ਜਾਵੇ ਤੇ ਬਦਲੇ ਵਿਚ ਅਮਰੀਕਾ ਆਪਣੇ ਟੈਰਿਫ ਵਿਚ ਕੀ ਕਟੌਤੀ ਕਰੇਗਾ।
ਇਹ ਡੀਲ ਅਜਿਹੇ ਵੇਲੇ ਵਿਚ ਆਖਰੀ ਪੜਾਅ ਵਿਚ ਹੈ ਜਦੋਂ ਅਮਰੀਕਾ ਹਾਂਗਕਾਂਗ ਵਿਚ ਲੋਕਤੰਤਰ ਪੱਖੀ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕਰ ਰਿਹਾ ਹੈ ਤੇ ਚੀਨ ਉਸ 'ਤੇ ਟੈਰਾਟਰੀ ਵਿਚ ਅਸ਼ਾਂਤੀ ਫੈਲਾਉਣ ਦਾ ਦੋਸ਼ ਲਾ ਰਿਹਾ ਹੈ। ਇਸ ਦੌਰਾਨ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਹਾਂਗਕਾਂਗ ਵਿਚ ਸਭ ਠੀਕ ਦੇਖਣਾ ਚਾਹੁੰਦੇ ਹਨ।