ਡੋਨਾਲਡ ਟਰੰਪ ਦਾ ਵੱਡਾ ਫੈਸਲਾ, ਅਮਰੀਕਾ 'ਚ ਅਗਲੇ 60 ਦਿਨਾਂ ਲਈ ਇਮੀਗ੍ਰੇਸ਼ਨ ਸਸਪੈਂਡ
Wednesday, Apr 22, 2020 - 09:21 AM (IST)

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਦੇਸ਼ ਵਿਚ ਇਮੀਗ੍ਰੇਸ਼ਨ ਨੂੰ ਅਸਥਾਈ ਰੂਪ ਤੋਂ ਬੰਦ ਕਰਨ ਦੇ ਆਪਣੇ ਕਾਰਜਕਾਰੀ ਹੁਕਮ ਦੇ ਤੌਰ 'ਤੇ ਅਗਲੇ 60 ਦਿਨਾਂ ਲਈ ਨਵੇਂ ਗ੍ਰੀਨ ਕਾਰਡ ਜਾਰੀ ਕਰਨ ਜਾਂ ਵੈਲਿਡ ਸਥਾਈ ਨਿਵਾਸ ਦੀ ਇਜਾਜ਼ਤ ਦੇਣ ਦੀ ਪ੍ਰਕਿਰਿਆ 'ਤੇ ਰੋਕ ਲਗਾ ਰਹੇ ਹਨ। ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਹਾਲਾਂਕਿ ਇਸ ਕਦਮ ਦਾ ਉਨ੍ਹਾਂ ਲੋਕਾਂ 'ਤੇ ਕੋਈ ਅਸਰ ਨਹੀਂ ਹੋਵੇਗਾ ਜੋ ਅਸਥਾਈ ਤੌਰ 'ਤੇ ਦੇਸ਼ ਵਿਚ ਰਹਿ ਰਹੇ ਹਨ।
ਕਈ ਲੋਕਾਂ ਦਾ ਮੰਨਣਾ ਹੈ ਕਿ ਜੋ ਲੋਕ ਐੱਚ-1 ਬੀ ਵਰਗੇ ਗੈਰ-ਇਮੀਗ੍ਰੇਸ਼ਨ ਵੀਜ਼ਾ 'ਤੇ ਹਨ ਉਨ੍ਹਾਂ 'ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ਐੱਚ-1 ਬੀ ਮੁੱਖ ਤੌਰ 'ਤੇ ਉਦਯੋਗ ਦੇ ਵਿਦੇਸ਼ੀ ਪੇਸ਼ੇਵਰਾਂ ਨੂੰ ਜਾਰੀ ਕੀਤਾ ਜਾਂਦਾ ਹੈ। ਖੇਤੀ ਇਮੀਗ੍ਰੇਸ਼ਨ ਕਾਮਿਆਂ 'ਤੇ ਵੀ ਇਸ ਦਾ ਕੋਈ ਅਸਰ ਨਹੀਂ ਪਵੇਗਾ। ਹਾਲਾਂਕਿ ਇਸ ਕਾਰਜਕਾਰੀ ਹੁਕਮ ਦਾ ਉਨ੍ਹਾਂ ਹਜ਼ਾਰਾਂ ਭਾਰਤੀ-ਅਮਰੀਕੀਆਂ 'ਤੇ ਪ੍ਰਭਾਵ ਪਵੇਗਾ ਜੋ ਗ੍ਰੀਨ ਕਾਰਡ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ। ਇਸ ਪ੍ਰਕਿਰਿਆ ਵਿਚ ਹੋਰ ਦੇਰ ਹੋਣ ਦੀ ਸੰਭਾਵਨਾ ਹੈ।
ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰ ਸੰਮੇਲਨ ਵਿਚ ਕਿਹਾ, "ਸਾਨੂੰ ਪਹਿਲਾਂ ਅਮਰੀਕੀ ਕਾਮਿਆਂ ਦਾ ਖਿਆਲ ਕਰਨਾ ਚਾਹੀਦਾ ਹੈ। ਇਹ ਹੁਕਮ 60 ਦਿਨਾਂ ਲਈ ਲਾਗੂ ਹੋਵੇਗਾ, ਜਿਸ ਦੇ ਬਾਅਦ ਕਿਸੇ ਤਰ੍ਹਾਂ ਦੇ ਵਿਸਥਾਰ ਜਾਂ ਬਦਲਾਅ ਦੀ ਜ਼ਰੂਰਤ ਉੱਤੇ ਮੈਂ ਖੁਦ ਅਤੇ ਲੋਕਾਂ ਦਾ ਇਕ ਸਮੂਹ ਉਸ ਸਮੇਂ ਆਰਥਿਕ ਸਥਿਤੀਆਂ 'ਤੇ ਆਧਾਰਿਤ ਮੁਲਾਂਕਣ ਕਰੇਗਾ। ਇਹ ਹੁਕਮ ਸਿਰਫ ਉਨ੍ਹਾਂ ਵਿਅਕਤੀਆਂ 'ਤੇ ਲਾਗੂ ਹੋਵੇਗਾ ਜੋ ਸਥਾਈ ਨਿਵਾਸ ਦੀ ਇਜਾਜ਼ਤ ਮੰਗ ਰਹੇ ਹਨ। ਦੂਜੇ ਸ਼ਬਦਾਂ ਵਿਚ ਕਹੀਏ ਤਾਂ ਜੋ ਗ੍ਰੀਨ ਕਾਰਡ ਪਾਉਣਾ ਚਾਹੁੰਦੇ ਹਨ।"
ਜ਼ਿਕਰਯੋਗ ਹੈ ਕਿ ਕੋਰੋਨਾ ਸੰਕਟ ਕਾਰਨ ਵੱਡੀ ਗਿਣਤੀ ਵਿਚ ਅਮਰੀਕੀ ਬੇਰੁਜ਼ਗਾਰ ਹੋ ਗਏ ਹਨ। ਲਗਭਗ 2.2 ਕਰੋੜ ਤੋਂ ਵੱਧ ਅਮਰੀਕੀਆਂ ਨੇ ਬੇਰੁਜ਼ਗਾਰ ਭੱਤਿਆਂ ਲਈ ਅਪੀਲ ਦਿੱਤੀ ਹੈ ਜੋ ਆਪਣੇ ਆਪ ਵਿਚ ਇਕ ਰਿਕਾਰਡ ਹੈ। ਕਿਹਾ ਜਾ ਰਿਹਾ ਹੈ ਕਿ ਕੋਰੋਨਾ ਕਾਰਨ ਅਗਲੇ ਹਫਤਿਆਂ ਵਿਚ ਹੋਰ ਲੋਕ ਬੇਰੋਜ਼ਗਾਰ ਹੋ ਸਕਦੇ ਹਨ। ਕਾਂਗਰਸ ਦੀ ਇਕ ਰਿਪੋਰਟ ਮੁਤਾਬਕ 10 ਲੱਖ ਵਿਦੇਸ਼ੀ ਕਾਮੇ ਅਤੇ ਉਨ੍ਹਾਂ ਦੇ ਪਰਿਵਾਰ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਹਨ।