ਕੋਰੋਨਾ ਸੰਕਟ : ਟਰੰਪ ਨੇ 484 ਅਰਬ ਡਾਲਰ ਦੇ ਰਾਹਤ ਬਿੱਲ 'ਤੇ ਕੀਤੇ ਦਸਤਖਤ

Saturday, Apr 25, 2020 - 08:12 AM (IST)

ਕੋਰੋਨਾ ਸੰਕਟ : ਟਰੰਪ ਨੇ 484 ਅਰਬ ਡਾਲਰ ਦੇ ਰਾਹਤ ਬਿੱਲ 'ਤੇ ਕੀਤੇ ਦਸਤਖਤ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਛੋਟੇ ਵਪਾਰ, ਹਸਪਤਾਲਾਂ ਅਤੇ ਕੋਵਿਡ-19 ਦੇ ਟੈਸਟਾਂ ਦੀ ਗਿਣਤੀ ਵਧਾਉਣ ਲਈ 484 ਅਰਬ ਡਾਲਰ ਦੇ ਰਾਹਤ ਬਿੱਲ 'ਤੇ ਦਸਤਖਤ ਕੀਤੇ ਹਨ। ਟਰੰਪ ਨੇ ਵ੍ਹਾਈਟ ਹਾਊਸ ਵਿਚ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ, "ਛੋਟੇ ਵਪਾਰੀਆਂ, ਮਜ਼ਦੂਰਾਂ ਲਈ ਵੱਡੀ ਸੌਗਾਤ ਹੈ।" 

ਇਸ ਦੌਰਾਨ ਅਮਰੀਕੀ ਖਜ਼ਾਨਾ ਸਕੱਤਰ ਸਟੀਵਨ ਮਨੂਚਿਨ ਅਤੇ ਰੀਪਬਲੀਕਨ ਪਾਰਟੀ ਦੇ ਸੰਸਦ ਮੈਂਬਰ ਮੌਜੂਦ ਸਨ। ਇਹ ਪੈਕੇਜ ਛੋਟੇ ਕਾਰੋਬਾਰੀ ਕਰਜ਼ ਨੂੰ ਉਤਸ਼ਾਹਿਤ ਕਰਨ ਲਈ 'ਪੇਅਚੈਕ ਪ੍ਰੋਟੈਕਸ਼ਨ ਪ੍ਰੋਗਰਾਮ' ਤਹਿਤ ਲਗਭਗ 310 ਅਰਬ ਡਾਲਰ ਦੀ ਮਦਦ ਕਰੇਗਾ। ਛੋਟੇ ਵਪਾਰਕ ਅਦਾਰੇ ਸਹਾਇਤਾ ਕਰਜ਼ ਅਤੇ ਗ੍ਰਾਂਟਾਂ ਲਈ 60 ਅਰਬ ਡਾਲਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਹਸਪਤਾਲਾਂ ਲਈ 75 ਅਰਬ ਡਾਲਰ ਅਤੇ ਕੋਰੋਨਾ ਜਾਂਚ ਲਈ 25 ਅਰਬ ਡਾਲਰ ਦਿੱਤੇ ਜਾਣਗੇ। 

ਬੀਤੇ ਦਿਨ ਅਮਰੀਕੀ ਸਦਨ ਨੇ ਇਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਸੀ ਤੇ ਹੁਣ ਰਾਸ਼ਟਰਪਤੀ ਦੀ ਮੋਹਰ ਲੱਗ ਗਈ ਹੈ। ਅਮਰੀਕਾ ਦੇ ਉਪ ਰਾਸ਼ਟਰਪਤੀ ਅਤੇ ਵ੍ਹਾਈਟ ਹਾਊਸ ਕੋਰੋਨਾ ਵਾਇਰਸ ਟਾਸਕ ਫੋਰਸ ਦੇ ਮੁਖੀ ਮਾਈਕ ਪੇਂਸ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਵਿਚ 40 ਲੱਖ 93 ਹਜ਼ਾਰ ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਅਮਰੀਕਾ ਦੀ ਲਗਭਗ 95 ਫੀਸਦੀ ਆਬਾਦੀ ਘਰਾਂ ਵਿਚ ਰਹਿਣ ਲਈ ਮਜਬੂਰ ਹੈ। ਕਿਹਾ ਜਾ ਰਿਹਾ ਹੈ ਕਿ ਜ਼ਰੂਰਤ ਮੁਤਾਬਕ ਕਈ ਪਾਬੰਦੀਆਂ ਮਈ ਵਿਚ ਵੀ ਲਾਗੂ ਰਹਿ ਸਕਦੀਆਂ ਹਨ। ਵੱਡੀ ਗਿਣਤੀ ਵਿਚ ਲੋਕ ਬੇਰੁਜ਼ਗਾਰ ਹੋਏ ਹਨ ਤੇ ਜਨ-ਜੀਵਨ ਨੂੰ ਮੁੜ ਪਟੜੀ 'ਤੇ ਲਿਆਉਣਾ ਮੁਸ਼ਕਲ ਹੋ ਸਕਦਾ ਹੈ। 


author

Lalita Mam

Content Editor

Related News