ਮਹਾਦੋਸ਼ ਮਾਮਲੇ ''ਤੇ ਟਰੰਪ ਨੇ ਜਤਾਈ ਨਰਾਜ਼ਗੀ, ਕਿਹਾ- ਮੁੜ ਜਿੱਤਾਂਗੇ ਚੋਣ

Thursday, Nov 07, 2019 - 02:50 PM (IST)

ਮਹਾਦੋਸ਼ ਮਾਮਲੇ ''ਤੇ ਟਰੰਪ ਨੇ ਜਤਾਈ ਨਰਾਜ਼ਗੀ, ਕਿਹਾ- ਮੁੜ ਜਿੱਤਾਂਗੇ ਚੋਣ

ਵਾਸ਼ਿੰਗਟਨ— ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਦੇ ਖਿਲਾਫ ਚੱਲ ਰਹੇ ਮਹਾਦੋਸ਼ ਦੀ ਕਾਰਵਾਈ 'ਤੇ ਨਰਾਜ਼ਗੀ ਜਤਾਉਂਦੇ ਹੋਏ ਆਪਣੇ ਸਮਰਥਕਾਂ ਨੂੰ ਕਿਹਾ ਕਿ ਉਹ ਦੁਬਾਰਾ ਚੋਣ ਜਿੱਤਣ ਜਾ ਰਹੇ ਹਨ। ਟਰੰਪ ਨੇ ਲੁਸੀਆਨਾ 'ਚ ਬੁੱਧਵਾਰ ਨੂੰ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਆਗਾਹ ਕੀਤਾ ਕਿ ਜੇਕਰ ਉਹ 2020 ਦੀਆਂ ਚੋਣਾਂ 'ਚ ਮੁੜ ਨਾ ਚੁਣੇ ਗਏ ਤਾਂ ਦੇਸ਼ ਡਿਪ੍ਰੈਸ਼ਨ ਵੱਲ ਵਧ ਜਾਵੇਗਾ।

ਟਰੰਪ ਨੇ ਲੁਸੀਆਨਾ ਦੇ ਗਵਰਨਰ ਦੀ ਚੋਣ ਤੋਂ ਪਹਿਲਾਂ ਇਕ ਰੈਲੀ 'ਚ ਆਪਣੇ ਸਮਰਥਕਾਂ ਨੂੰ ਕਿਹਾ ਕਿ ਅਸੀਂ ਜਿੱਤ ਰਹੇ ਹਾਂ। ਅਸੀਂ ਹੈਰਾਨੀਜਨਕ ਢੰਗ ਨਾਲ ਜਿੱਤ ਰਹੇ ਹਾਂ। ਪਹਿਲੇ ਨੰਬਰ 'ਤੇ ਆਉਣਾ ਅਜੇ ਬਾਕੀ ਹੈ। ਹਾਲਾਂਕਿ ਹਾਲ 'ਚ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਨੂੰ ਕਈ ਸੂਬਾਈ ਚੋਣਾਂ ਤੇ ਸਥਾਨਕ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਲੁਸੀਆਨਾ 'ਚ ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਦੇਸ਼ ਦੀ ਅਰਥਵਿਵਸਥਾ ਚੰਗੀ ਹੋਈ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ 2020 ਦੀਆਂ ਚੋਣਾਂ 'ਚ ਉਨ੍ਹਾਂ ਨੂੰ ਦੁਬਾਰਾ ਨਹੀਂ ਚੁਣਿਆ ਗਿਆ ਤਾਂ ਦੇਸ਼ ਡਿਪ੍ਰੈਸ਼ਨ ਵੱਲ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਇਥੇ ਅਜਿਹਾ ਡਿਪ੍ਰੈਸ਼ਨ ਹੋ ਸਕਦਾ ਹੈ, ਜੋ ਪਹਿਲਾਂ ਕਦੇ ਨਾਲ ਦੇਖਿਆ ਗਿਆ ਹੋਵੇ। ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਅਮਰੀਕੀਆਂ ਨਾਲ ਕੀਤੇ ਗਏ ਦਾਅਵਿਆਂ ਨੂੰ ਪੂਰਾ ਕਰ ਰਿਹਾ ਹੈ ਜਦਕਿ ਮਨਮੌਜੀ ਉਦਾਰਵਾਦੀ ਡੈਮੋਕ੍ਰੇਟ ਰਾਸ਼ਟਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਟਰੰਪ ਨੇ ਕਿਹਾ ਕਿ ਡੈਮੋਕ੍ਰੇਟ ਕਾਨੂੰਨ ਦੇ ਸ਼ਾਸਨ ਨੂੰ ਖਤਮ ਕਰਨਾ ਚਾਹੁੰਦੇ ਹਨ, ਧਾਰਮਿਕ ਆਸਥਾ ਰੱਖਣ ਵਾਲਿਆਂ ਨੂੰ ਸਜ਼ਾ ਦੇਣਾ ਚਾਹੁੰਦੇ ਹਨ, ਇੰਟਰਨੈੱਟ 'ਤੇ ਤੁਹਾਨੂੰ ਚੁੱਪ ਕਰਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਮਹਾਦੋਸ਼ ਦੀ ਕਾਰਵਾਈ ਦੀ ਵੀ ਨਿੰਦਾ ਕੀਤੀ ਤੇ ਇਸ ਨੂੰ ਆਪਣੇ ਖਿਲਾਫ ਸਾਜ਼ਿਸ਼ ਦੱਸਿਆ।


author

Baljit Singh

Content Editor

Related News