ਵਾਸ਼ਿੰਗਟਨ ਪੁਲਸ ਨੇ ਸੰਸਦ ਹਮਲੇ ''ਚ ਸ਼ਾਮਲ ਸ਼ੱਕੀਆਂ ਦੀਆਂ ਤਸਵੀਰਾਂ ਕੀਤੀਆਂ ਜਾਰੀ
Saturday, Jan 09, 2021 - 09:55 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਵਾਸ਼ਿੰਗਟਨ ਡੀ. ਸੀ. ਪੁਲਸ ਨੇ ਰਾਸ਼ਟਰਪਤੀ ਟਰੰਪ ਦੇ ਦਰਜਨਾਂ ਹਿਮਾਇਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਨੇ ਬੁੱਧਵਾਰ ਨੂੰ ਅਮਰੀਕੀ ਸੰਸਦ ਵਿਚ ਤਬਾਹੀ ਮਚਾਈ ਸੀ। ਇਸ ਹਿੰਸਕ ਤੂਫ਼ਾਨ ਕਾਰਨ ਵੱਡੇ ਪੱਧਰ 'ਤੇ ਨੁਕਸਾਨ ਹੋਣ ਦੇ ਨਾਲ ਇਕ ਪੁਲਸ ਅਧਿਕਾਰੀ ਸਣੇ ਚਾਰ ਹੋਰ ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਇਲਾਵਾ ਦੇਸ਼ ਦੀ ਰਾਜਧਾਨੀ ਨੂੰ ਵੀ ਤਾਲਾਬੰਦੀ ਦਾ ਸਾਹਮਣਾ ਕਰਨਾ ਪਿਆ ਹੈ।
ਇਸ ਹਿੰਸਕ ਪ੍ਰਦਰਸ਼ਨ ਦੇ ਸੰਬੰਧ ਵਿਚ ਡੀ.ਸੀ. ਮੈਟਰੋਪੋਲੀਟਨ ਪੁਲਸ ਵਿਭਾਗ ਨੇ ਵੀਰਵਾਰ ਨੂੰ ਦਰਜਨਾਂ ਟਰੰਪ ਸਮਰਥਕਾਂ ਦੀਆਂ ਤਸਵੀਰਾਂ ਆਨਲਾਈਨ ਪੋਸਟ ਕੀਤੀਆਂ ਹਨ। ਡੀ.ਸੀ. ਪੁਲਸ ਅਧਿਕਾਰੀ ਰੌਬਰਟ ਕਾਂਟੀ ਨੇ ਇਕ ਬਿਆਨ ਵਿਚ ਕਿਹਾ ਕਿ ਵਿਭਾਗ ਹਿੰਸਕ ਭੀੜ ਦੀ ਪਛਾਣ ਕਰਨ ਅਤੇ ਉਨ੍ਹਾਂ ਵਲੋਂ ਕੀਤੇ ਨੁਕਸਾਨ ਨੂੰ ਜਵਾਬਦੇਹ ਰੱਖਣ ਲਈ ਕੰਮ ਕਰ ਰਿਹਾ ਹੈ । ਦੰਗਿਆਂ ਨਾਲ ਸੰਬੰਧ ਰੱਖਣ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਲਈ ਲੋਕਾਂ ਦੀ ਮਦਦ ਲਈ ਜਾ ਰਹੀ ਹੈ।
ਇਹ ਵੀ ਪੜ੍ਹੋ- ਫਾਈਜ਼ਰ ਟੀਕਾ ਲਗਵਾਉਣ ਵਾਲੇ ਡਾਕਟਰ ਦੀ ਮੌਤ ਦੀ ਹੋ ਰਹੀ ਜਾਂਚ : ਕੈਨੇਡਾ
ਅਧਿਕਾਰੀਆਂ ਵਲੋਂ ਇਕੱਠੀਆਂ ਕੀਤੀਆਂ ਗਈਆਂ ਤਸਵੀਰਾਂ ਹਿੰਸਾ ਜਾਂ ਜਾਇਦਾਦ ਦੇ ਨੁਕਸਾਨ ਅਤੇ ਹੋਰ ਗਤੀਵਿਧੀਆਂ ਵਿਚ ਲੱਗੇ ਵਿਅਕਤੀਆਂ ਦੀਆਂ ਹਨ। ਇਹ ਤਸਵੀਰਾਂ ਐੱਫ. ਬੀ. ਆਈ., ਸਥਾਨਕ ਹੋਟਲਾਂ ਅਤੇ ਹਵਾਈ ਅੱਡਿਆਂ 'ਤੇ ਸਾਂਝੀਆਂ ਕੀਤੀਆਂ ਗਈਆਂ ਹਨ ਅਤੇ ਅਧਿਕਾਰੀਆਂ ਵਲੋਂ ਗਸ਼ਤ ਵੀ ਕੀਤੀ ਜਾ ਰਹੀ ਹੈ। ਪੁਲਸ ਨੇ ਦੰਗੇ ਵਿਚ ਸ਼ਾਮਲ ਕਈ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ ਅਤੇ ਅਧਿਕਾਰੀਆਂ ਅਨੁਸਾਰ ਪ੍ਰਦਰਸ਼ਨਕਾਰੀਆਂ ਨੂੰ ਸੰਘੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਤਹਿਤ 10 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ।
►ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਇ? ਕੁਮੈਂਟ ਬਾਕਸ ਵਿਚ ਦੱਸੋ