ਵੈਨਜ਼ੁਏਲਾ ਦੇ ਮੁੱਦੇ ''ਤੇ ਪੁਤਿਨ ਨਾਲ ਗੱਲਬਾਤ ਸੰਭਵ : ਟਰੰਪ
Saturday, Mar 30, 2019 - 09:20 AM (IST)

ਵਾਸ਼ਿੰਗਟਨ, (ਭਾਸ਼ਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਅਗਲੇ ਕੁੱਝ ਸਮੇਂ 'ਚ ਵੈਨਜ਼ੁਏਲਾ ਸੰਕਟ ਨੂੰ ਲੈ ਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲ ਕਰ ਸਕਦੇ ਹਨ। ਟਰੰਪ ਨੇ ਪੱਤਰਕਾਰ ਸੰਮੇਲਨ 'ਚ ਵੈਨਜ਼ੁਏਲਾ ਦੀ ਸਥਿਤੀ 'ਤੇ ਰੂਸ ਨਾਲ ਗੱਲਬਾਤ ਨੂੰ ਲੈ ਕੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ,''ਅਸੀਂ ਸੰਭਾਵਿਤ ਤੌਰ 'ਤੇ ਕੁੱਝ ਮੁੱਦਿਆਂ 'ਤੇ ਗੱਲਬਾਤ ਕਰਦੇ ਰਹਾਂਗੇ। ਸ਼ਾਇਦ ਰਾਸ਼ਟਰਪਤੀ ਪੁਤਿਨ ਜਾਂ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ ਕਰ ਸਕਦੇ ਹਾਂ।''
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵੈਨਜ਼ੁਏਲਾ ਦੀ ਸਥਿਤੀ ਗੰਭੀਰ ਹੈ। ਉੱਥੇ ਬਿਜਲੀ ਅਤੇ ਗੈਸੋਲੀਨ ਦੀ ਕਮੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਖੁਦ ਨੂੰ ਅੰਤ੍ਰਿਮ ਰਾਸ਼ਟਰਪਤੀ ਘੋਸ਼ਿਤ ਕਰਨ ਵਾਲੇ ਜੁਆਨ ਗੁਇਦੋ ਨੂੰ ਰਾਸ਼ਟਰਪਤੀ ਦੇ ਤੌਰ 'ਤੇ ਮਾਨਤਾ ਪ੍ਰਦਾਨ ਕੀਤੀ ਹੈ ਅਤੇ ਮੌਜੂਦਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਅਹੁਦਾ ਛੱਡਣ ਲਈ ਕਿਹਾ ਹੈ। ਉੱਧਰ ਰੂਸ, ਚੀਨ, ਤੁਰਕੀ, ਬੋਲਵੀਆ ਅਤੇ ਕਈ ਹੋਰ ਦੇਸ਼ ਮਾਦੁਰੋ ਦੇ ਹੱਕ 'ਚ ਹਨ।