ਸਰੀਰਕ ਸ਼ੋਸ਼ਣ ਦੇ ਲੱਗੇ ਦੋਸ਼ਾਂ ''ਤੇ ਬੋਲੇ ਟਰੰਪ, ''ਉਹ ਮੇਰੇ ਟਾਈਪ ਦੀ ਨਹੀਂ''

06/25/2019 3:34:56 PM

ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਮੇਸ਼ਾ ਵਿਵਾਦਾਂ ਵਿਚ ਘਿਰੇ ਰਹਿੰਦੇ ਹਨ। ਉਨ੍ਹਾਂ 'ਤੇ ਕਈ ਔਰਤਾਂ ਸਰੀਰਕ ਸ਼ੋਸ਼ਣ ਦਾ ਗੰਭੀਰ ਦੋਸ਼ ਵੀ ਲਗਾ ਚੁੱਕੀਆਂ ਹਨ। ਇਸ ਦਰਮਿਆਨ ਟਰੰਪ ਨੇ ਸੋਮਵਾਰ ਨੂੰ ਲੇਖਿਕਾ ਈ-ਜੀਨ ਕੈਰੋਲ ਵਲੋਂ ਉਨ੍ਹਾਂ 'ਤੇ ਲਗਾਏ ਗਏ ਜਬਰ-ਜਨਾਹ ਦੇ ਦੋਸ਼ਾਂ ਨੂੰ ਸਿਰਿਓਂ ਖਾਰਜ ਕਰ ਦਿੱਤਾ। ਟਰੰਪ ਨੇ ਕੈਰੋਲ ਦੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਟਰੰਪ ਨੇ ਕਿਹਾ ਕਿ ਇਹ ਸਾਰੇ ਦੋਸ਼ ਝੂਠੇ ਹਨ ਉਹ ਮੇਰੇ ਟਾਈਪ ਦੀ ਨਹੀਂ ਹੈ। ਦੱਸ ਦਈਏ ਕਿ ਕੈਰੋਲ ਨੇ ਟਰੰਪ 'ਤੇ ਸਾਲ 1990 ਵਿਚ ਨਿਊਯਾਰਕ ਦੇ ਇਕ ਡਿਪਾਰਟਮੈਂਟ ਸਟੋਰ ਵਿਚ ਉਨ੍ਹਾਂ ਦੇ ਨਾਲ ਜਬਰ-ਜਨਾਹ ਕਰਨ ਦੀਆਂ ਕੋਸ਼ਿਸ਼ਾਂ ਦਾ ਦੋਸ਼ ਲਗਾਇਆ ਹੈ।

ਇਕ ਇੰਟਰਵਿਊ ਦੌਰਾਨ ਟਰੰਪ ਨੇ ਕਿਹਾ ਕਿ ਮੈਂ ਬਹੁਤ ਸਨਮਾਨ ਨਾਲ ਕਹਿਣਾ ਚਾਹਾਂਗਾ ਕਿ ਇਕ ਤਾਂ ਉਹ ਮੇਰੇ ਟਾਈਪ ਦੀ ਨਹੀਂ ਹੈ। ਦੂਜਾ ਅਜਿਹਾ ਕਦੇ ਹੋਇਆ ਹੀ ਨਹੀਂ। ਦੱਸ ਦਈਏ ਕਿ ਟਰੰਪ ਦਾ ਇਹ ਇੰਟਰਵਿਊ ਵ੍ਹਾਈਟ ਹਾਊਸ ਦੇ ਓਵਲ ਦਫਤਰ ਵਿਚ ਹੋਇਆ ਸੀ। ਇਸ ਦੌਰਾਨ ਟਰੰਪ ਨੇ ਲੇਖਿਕਾ ਦੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦੇ ਹੋਏ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਝੂਠ ਬੋਲ ਰਹੀ ਸੀ, ਜਦੋਂ ਇਸ ਤਰ੍ਹਾਂ ਦੇ ਦਾਅਵੇ ਕਰ ਰਹੀ ਸੀ। ਮੈਂ ਇਸ ਮਹਿਲਾ ਨੂੰ ਨਹੀਂ ਜਾਣਦਾ ਹਾਂ। ਮੈਨੂੰ ਉਸ ਬਾਰੇ ਕੁਝ ਵੀ ਪਤਾ ਨਹੀਂ ਹੈ।

ਜ਼ਿਕਰਯੋਗ ਹੈ ਕਿ ਨਿਊਯਾਰਕ ਦੀ ਇਕ ਮੈਗਜ਼ੀਨ ਨੇ ਪਿਛਲੇ ਦਿਨੀਂ ਕੈਰੋਲ ਦੇ ਹਵਾਲੇ ਤੋਂ ਇਕ ਲੇਖ ਲਿਖਿਆ, ਜਿਸ ਵਿਚ ਟਰੰਪ 'ਤੇ ਕਈ ਗੰਭੀਰ ਦੋਸ਼ ਲਗਾਏ। ਇਸ ਦੇ ਤੁਰੰਤ ਬਾਅਦ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਹ ਇਸ ਔਰਤ ਨਾਲ ਆਪਣੀ ਜ਼ਿੰਦਗੀ ਵਿਚ ਕਦੇ ਨਹੀਂ ਮਿਲੇ ਹਨ। ਕੈਰੋਲ 16ਵੀਂ ਮਹਿਲਾ ਹੈ ਜਿਨ੍ਹਾਂ ਨੇ ਟਰੰਪ 'ਤੇ ਗਲਤ ਵਰਤਾਓ ਦਾ ਦੋਸ਼ ਲਗਾਇਆ ਹੈ। ਕੈਰੋਲ ਨੇ ਟਰੰਪ ਦਾ ਜ਼ਿਕਰ ਆਪਣੀ ਆਉਣ ਵਾਲੀ ਕਿਤਾਬ 'ਹਾਈਡਸ ਮੈਨ' ਵਿਚ ਵੀ ਕੀਤਾ ਹੈ।

ਕੈਰੋਲ ਨੇ ਦੱਸਿਆ ਕਿ 1990 ਦੇ ਮੱਧ ਵਿਚ ਟਰੰਪ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੈਰੋਲ ਨੇ ਪੂਰੀ ਤਾਕਤ ਨਾਲ ਟਰੰਪ ਨੂੰ ਧੱਕਾ ਦਿੱਤਾ ਅਤੇ ਸਟੋਰ ਤੋਂ ਬਾਹਰ ਆ ਗਈ। ਹਾਲਾਂਕਿ, ਕੈਰੋਲ ਪਹਿਲੀ ਔਰਤ ਨਹੀਂ ਹੈ, ਜਿਸ ਨੇ ਟਰੰਪ 'ਤੇ ਗੰਭੀਰ ਦੋਸ਼ ਲਗਾਏ ਹਨ, ਪਰ ਟਰੰਪ ਨੇ ਅਜੇ ਤੱਕ ਸਾਰੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਹੈ।


Sunny Mehra

Content Editor

Related News