ਟਰੰਪ-ਬਾਈਡੇਨ ਦੀ ਬਹਿਸ ''ਚ ਆਇਆ ਭਾਰਤ, ਲੱਗਾ ਇਹ ਵੱਡਾ ਦੋਸ਼
Wednesday, Sep 30, 2020 - 08:19 AM (IST)
ਵਾਸ਼ਿੰਗਟਨ- ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਸਿਰਫ 35 ਕੁ ਦਿਨ ਹੀ ਰਹਿ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਡੈਮੋਕ੍ਰੇਟਿਕ ਪਾਰਟੀ ਦੇ ਜੋਅ ਬਾਈਡੇਨ ਵਿਚਕਾਰ ਬਹਿਸ ਸ਼ੁਰੂ ਹੋ ਗਈ ਹੈ। 3 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਜਨਤਾ ਦੀ ਰਾਇ ਤੈਅ ਕਰਨ ਵਿਚ ਇਸ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਬਹਿਸ ਵਿਚ ਭਾਰਤ 'ਤੇ ਕੋਰੋਨਾ ਦੇ ਸਹੀ ਅੰਕੜੇ ਪੇਸ਼ ਨਾ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਬਹਿਸ ਦੌਰਾਨ ਜੋਅ ਬਾਈਡੇਨ ਨੇ ਟਰੰਪ 'ਤੇ ਅਮਰੀਕਾ ਵਿਚ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਨਜਿੱਠਣ ਵਿਚ ਅਸਫਲ ਰਹਿਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਕੋਈ ਤਿਆਰੀ ਨਹੀਂ ਕੀਤੀ ਸੀ। ਬਾਈਡੇਨ ਨੇ ਕਿਹਾ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਹਨ ਕਿਉਂਕਿ ਉਨ੍ਹਾਂ ਦੀ ਸਰਕਾਰ ਨੇ ਕੋਰੋਨਾ ਵਾਇਰਸ ਦੇ ਖਤਰਿਆਂ ਨੂੰ ਲੈ ਕੇ ਕੋਈ ਯੋਜਨਾ ਨਹੀਂ ਬਣਾਈ। ਇਸ 'ਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੋਰੋਨਾ ਦਾ ਸਾਹਮਣਾ ਕੀਤਾ ਹੈ। ਮੌਤ ਦਾ ਅੰਕੜਾ ਇਸ ਲਈ ਸਭ ਤੋਂ ਜ਼ਿਆਦਾ ਹੈ ਕਿਉਂਕਿ ਅਮਰੀਕਾ ਨੇ ਸਹੀ ਡਾਟਾ ਪੇਸ਼ ਕੀਤਾ ਹੈ ਜਦਕਿ ਚੀਨ, ਰੂਸ ਅਤੇ ਭਾਰਤ ਮੌਤ ਦਾ ਸਹੀ ਅੰਕੜਾ ਨਹੀਂ ਦੇ ਰਹੇ।
ਬਾਈਡੇਨ ਨੇ ਕੋਰੋਨਾ ਟੀਕੇ ਨੂੰ ਲੈ ਕੇ ਟਰੰਪ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਟਰੰਪ ਨੇ ਵਿਗਿਆਨੀਆਂ 'ਤੇ ਦਬਾਅ ਪਾਇਆ, ਜਿਸ ਨਾਲ ਜਲਦੀ ਤੋਂ ਜਲਦੀ ਟੀਕਾ ਬਣ ਸਕੇ। ਮੈਨੂੰ ਟਰੰਪ 'ਤੇ ਬਿਲਕੁਲ ਵੀ ਭਰੋਸਾ ਨਹੀਂ ਹੈ। ਇਸ 'ਤੇ ਜਵਾਬ ਦਿੰਦੇ ਹੋਏ ਟਰੰਪ ਨੇ ਕਿਹਾ,ਜਲਦੀ ਹੀ ਤੁਹਾਡੇ ਕੋਲ ਟੀਕਾ ਹੋਵੇਗਾ। ਹੋਰ ਮੁੱਦਿਆਂ ਤੋਂ ਇਲਾਵਾ ਸੁਪਰੀਮ ਕੋਰਟ ਦੇ ਜੱਜਾਂ ਅਤੇ ਸਿਹਤ ਕਾਮਿਆਂ ਨੂੰ ਲੈ ਕੇ ਟਰੰਪ ਤੇ ਬਾਈਡੇਨ ਵਿਚਕਾਰ ਤਿੱਖੀ ਬਹਿਸ ਹੋਈ।