ਪਾਕਿ ਫੌਜੀਆਂ ਨੂੰ ਮੁੜ ਟ੍ਰੇਨਿੰਗ ਦੇਵੇਗਾ ਅਮਰੀਕਾ, ਟਰੰਪ ਨੇ ਫੌਜ ਸਿਖਲਾਈ ਪ੍ਰੋਗਰਾਮ ਕੀਤਾ ਬਹਾਲ
Saturday, Jan 04, 2020 - 05:17 PM (IST)

ਵਾਸ਼ਿੰਗਟਨ- ਪਾਕਿਸਤਾਨੀ ਫੌਜੀਆਂ ਨੂੰ ਅਮਰੀਕਾ ਮੁੜ ਤੋਂ ਸਿਖਲਾਈ ਦੇਵੇਗਾ। ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨੀ ਫੌਜੀਆਂ ਨੂੰ ਅਮਰੀਕੀ ਸੰਸਥਾਨਾਂ ਵਿਚ ਸਿਖਲਾਈ ਦੇਣ ਦੇ ਪ੍ਰੋਗਰਾਮ ਨੂੰ ਬਹਾਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਰੀਬ ਦੋ ਸਾਲ ਪਹਿਲਾਂ ਇਸ ਪ੍ਰੋਗਰਾਮ 'ਤੇ ਰੋਕ ਲਗਾ ਦਿੱਤੀ ਸੀ। ਹਾਲਾਂਕਿ ਪਾਕਿਸਤਾਨ ਨੂੰ ਅਮਰੀਕਾ ਤੋਂ ਮਿਲਣ ਵਾਲੀਆਂ ਹੋਰ ਸੁਰੱਖਿਆ ਰੋਕਾਂ ਅਜੇ ਵੀ ਪ੍ਰਭਾਵੀ ਰਹਿਣਗੀਆਂ।
ਦੱਖਣ ਤੇ ਮੱਧ ਏਸ਼ੀਆਈ ਮਾਮਲਿਆਂ ਦੀ ਕਾਰਜਕਾਰੀ ਅਸਿਸਟੈਂਟ ਸਕੱਤਰ ਐਲਿਸ ਸੀ ਵੇਲਸ ਨੇ ਸ਼ੁੱਕਰਵਾਰ ਨੂੰ ਇਕ ਟਵੀਟ ਰਾਹੀਂ ਦੱਸਿਆ ਕਿ ਰਾਸ਼ਟਰਪਤੀ ਟਰੰਪ ਨੇ ਪਾਕਿਸਤਾਨ ਦੇ ਲਈ ਇੰਟਰਨੈਸ਼ਨਲ ਮਿਲਟਰੀ ਐਜੂਕੇਸ਼ਨ ਤੇ ਸਿਖਲਾਈ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ ਹੈ। ਵੇਲਸ ਨੇ ਕਿਹਾ ਕਿ ਇਸ ਨਾਲ ਸਾਡੀਆਂ ਸਾਂਝੀਆਂ ਤਰਜੀਹਾਂ ਦੇ ਤਹਿਤ ਦੋਵਾਂ ਦੇਸ਼ਾਂ ਦੇ ਵਿਚਾਲੇ ਫੌਜੀ ਸਹਿਯੋਗ ਮਜ਼ਬੂਤ ਹੋਵੇਗਾ।
ਇਹ ਜਾਣਕਾਰੀ ਅਜਿਹੇ ਵੇਲੇ ਸਾਹਮਣੇ ਆਈ ਜਦੋਂ ਈਰਾਨੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਸ਼ੁੱਕਰਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਫੋਨ 'ਤੇ ਗੱਲ ਕੀਤੀ ਸੀ। ਟਰੰਪ ਪ੍ਰਸ਼ਾਸਨ ਨੇ ਅਗਸਤ 2018 ਵਿਚ ਪਾਕਿਸਤਾਨ ਦੇ ਲਈ ਆਈ.ਐਮ.ਈ.ਟੀ. ਪ੍ਰੋਗਰਾਮ 'ਤੇ ਰੋਕ ਲਗਾ ਦਿੱਤੀ ਸੀ। ਇਸ ਪ੍ਰੋਗਰਾਮ ਦੇ ਤਹਿਤ ਪਿਛਲੇ ਦੋ ਦਹਾਕੇ ਤੋਂ ਪਾਕਿਸਤਾਨੀ ਫੌਜੀਆਂ ਨੂੰ ਅਮਰੀਕੀ ਸੰਸਥਾਨਾਂ ਵਿਚ ਸਿਖਲਾਈ ਦਿੱਤੀ ਜਾ ਰਹੀ ਸੀ।