ਲੌਕਡਾਊਨ ਦੇ ਵਿਰੋਧ ''ਚ ਟਰੰਪ, ਕੈਨੇਡਾ ਨੇ ਹੋਰ 1 ਮਹੀਨੇ ਲਈ ਬੰਦ ਕੀਤੇ ਬਾਰਡਰ
Saturday, Apr 18, 2020 - 11:21 PM (IST)
ਓਟਾਵਾ (ਏਜੰਸੀ)- ਅਮਰੀਕਾ ਵਿਚ ਕੋਰੋਨਾ ਵਾਇਰਸ ਨੇ ਜੋ ਕਹਿਰ ਮਚਾਇਆ ਹੈ ਉਸ ਨੂੰ ਦੇਖਦੇ ਹੋਏ ਅਮਰੀਕਾ-ਕੈਨੇਡਾ ਬਾਰਡਰ ਨੂੰ ਅਗਲੇ ਇਕ ਮਹੀਨੇ ਲਈ ਹੋਰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਇਸ ਬਾਰੇ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੇ ਨੇ ਪੁਸ਼ਟੀ ਕੀਤੀ ਹੈ। ਅਮਰੀਕਾ ਵਿਚ ਹੁਣ ਤੱਕ ਦੁਨੀਆ ਵਿਚ ਸਭ ਤੋਂ ਜ਼ਿਆਦਾ 37,889 ਲੋਕਾਂ ਦੀ ਮੌਤ ਕੋਰੋਨਾ ਦੇ ਚੱਲਦੇ ਹੋ ਚੁੱਕੀ ਹੈ ਜਦੋਂ ਕਿ ਕੈਨੇਡਾ ਵਿਚ ਕੋਰੋਨਾ 1346 ਲੋਕਾਂ ਦੀ ਜਾਨ ਲੈ ਚੁੱਕਾ ਹੈ।
ਟਰੂਡੋ ਨੇ ਕਿਹਾ ਹੈ ਕਿ ਦੋਵੇਂ ਦੇਸ਼ ਸਰਹੱਦ ਬੰਦ ਕਰਨ ਦੇ ਫੈਸਲੇ 'ਤੇ ਸਹਿਮਤ ਹਨ। ਉਨ੍ਹਾਂ ਨੇ ਕਿਹਾ ਕਿ ਇਹ ਇਕ ਅਹਿਮ ਫੈਸਲਾ ਹੈ ਅਤੇ ਇਸ ਨਾਲ ਦੋਹਾਂ ਸਰਹੱਦਾਂ ਦੇ ਪਾਰ ਲੋਕ ਸੁਰੱਖਿਅਤ ਰਹਿਣਗੇ। ਉਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੌਕ ਡਾਊਨ ਦੇ ਹੁਕਮਾਂ ਦੇ ਖਿਲਾਫ ਦੇਸ਼ ਵਿਚ ਹੋ ਰਹੇ ਪ੍ਰਦਰਸ਼ਨਾਂ ਨੂੰ ਆਪਣੀ ਹਮਾਇਤ ਦਿੱਤੀ ਹੈ। ਅਮਰੀਕਾ ਦੇ ਤਿੰਨ ਸੂਬਿਆਂ ਵਿਚ ਪ੍ਰਦਰਸ਼ਨਕਾਰੀ ਇਸ ਹਫਤੇ ਇਕੱਠੇ ਹੋਏ ਅਤੇ ਪਾਬੰਦੀ ਹਟਾਉਣ ਦੀ ਮੰਗ ਕੀਤੀ।
ਇਥੇ ਸਭ ਤੋਂ ਵੱਡਾ ਪ੍ਰਦਰਸ਼ਨ ਮਿਸ਼ੀਗਨ ਵਿਚ ਹੋਇਆ ਜਿੱਥੇ 3000 ਲੋਕ ਇਕੱਠੇ ਹੋਏ ਜਿਨ੍ਹਾਂ ਵਿਚੋਂ ਕੁਝ ਦੇ ਕੋਲ ਹਥਿਆਰ ਵੀ ਸਨ। ਟਰੰਪ ਨੇ ਬੰਦ ਵਿਚ ਛੋਟ ਦੇਣ ਦਾ ਫੈਸਲਾ ਜ਼ਿਆਦਾਤਰ ਸੂਬਿਆਂ ਦੇ ਅਧਿਕਾਰੀਆਂ 'ਤੇ ਛੱਡ ਦਿੱਤਾ ਹੈ ਜਦੋਂ ਕਿ ਉਨ੍ਹਾਂ ਨੇ ਦੇਸ਼ ਦੀ ਅਰਥਵਿਵਸਥਾ ਨੂੰ ਲੜੀਵਾਰ ਤਰੀਕੇ ਨਾਲ ਫਿਰ ਤੋਂ ਖੋਲ੍ਹਣ ਲਈ ਹੁਕਮਾਂ ਦੀ ਵੀ ਰੂਪਰੇਖਾ ਤਿਆਰ ਕੀਤੀ ਹੈ। ਪੂਰੀ ਦੁਨੀਆ ਵਿਚ ਇਨਫੈਕਸ਼ਨ ਦੀ ਲਪੇਟ ਵਿਚ ਆਏ 22 ਲੱਖ ਲੋਕਾਂ ਵਿਚੋਂ ਤਕਰੀਬਨ ਇਕ ਤਿਹਾਈ ਅਮਰੀਕਾ ਵਿਚ ਹਨ।