ਟਰੂਡੋ ਦਾ ਦੋ ਕੈਨੇਡੀਅਨਾਂ ਦੀ ਰਿਹਾਈ ਲਈ ਬੀਜਿੰਗ ਅੱਗੇ ਝੁਕਣ ਤੋਂ ਇਨਕਾਰ

Thursday, Jun 25, 2020 - 10:20 PM (IST)

ਟਰੂਡੋ ਦਾ ਦੋ ਕੈਨੇਡੀਅਨਾਂ ਦੀ ਰਿਹਾਈ ਲਈ ਬੀਜਿੰਗ ਅੱਗੇ ਝੁਕਣ ਤੋਂ ਇਨਕਾਰ

ਓਟਾਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚੀਨ ਦੀ ਹਿਰਾਸਤ ਵਿਚ ਦੋ ਕੈਨੇਡੀਅਨਾਂ ਦੀ ਰਿਹਾਈ ਨੂੰ ਸੁਰੱਖਿਅਤ ਕਰਨ ਲਈ ਹੁਵਾਵੇ ਦੀ ਕਾਰਜਕਾਰੀ ਮੇਂਗ ਵਾਂਜ਼ੂ ਨੂੰ ਅਜ਼ਾਦ ਕਰਨ ਦੀ ਸ਼ਰਤ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਟਰੂਡੋ ਨੇ ਕਿਹਾ ਕਿ ਮਾਈਕਲ ਕੋਵਰਿਗ ਅਤੇ ਮਾਈਕਲ ਸਪਾਇਰ ਦੀ ਰਿਹਾਈ ਲਈ ਬੀਜਿੰਗ ਦੇ ਦਬਾਅ ਅੱਗੇ ਝੁਕਣਾ ਵਿਦੇਸ਼ਾਂ ਵਿਚ ਬੈਠੇ ਕੈਨੇਡਾ ਦੇ ਨਾਗਰਿਕਾਂ ਨੂੰ ਖਤਰੇ ਵਿਚ ਪਾ ਸਕਦਾ ਹੈ।

ਪੀ. ਐੱਮ. ਟਰੂਡੋ ਨੇ ਵੀਰਵਾਰ ਨੂੰ ਓਟਾਵਾ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਇਹ ਸਪੱਸ਼ਟ ਹੈ ਕਿ ਕਿਸੇ ਵੀ ਸਰਕਾਰ ਦੀ ਪਹਿਲੀ ਤਰਜੀਹ ਆਪਣੇ ਨਾਗਰਿਕਾਂ ਦੀ ਰੱਖਿਆ ਕਰਨਾ ਹੁੰਦੀ ਹੈ ਪਰ ਜੇਕਰ ਚੀਨ ਇਹ ਸੋਚਦਾ ਹੈ ਕਿ ਮਨਮਰਜ਼ੀ ਨਾਲ ਕੈਨੇਡੀਅਨਾਂ ਨੂੰ ਗ੍ਰਿਫਤਾਰ ਕਰਨ ਨਾਲ ਕੈਨੇਡਾ ਤੋਂ ਰਾਜਨੀਤਕ ਤੌਰ 'ਤੇ ਜੋ ਚਾਹੁੰਦੇ ਹੋ ਉਹ ਪ੍ਰਾਪਤ ਕੀਤਾ ਜਾ ਸਕਦਾ ਹੈ ਤਾਂ ਉਹ ਬਿਲਕੁਲ ਗਲਤ ਹੈ। ਪ੍ਰਧਾਨ ਮੰਤਰੀ (ਪੀ. ਐੱਮ.) ਨੇ ਕਿਹਾ ਕਿ ਹੁਵਾਵੇ ਕਾਰਜਕਾਰੀ ਦੇ ਖਿਲਾਫ ਹਵਾਲਗੀ ਦੀ ਕਾਰਵਾਈ ਨੂੰ ਬੰਦ ਕਰਨਾ ਚੀਨ ਨੂੰ ਸੰਕੇਤ ਦੇਵੇਗਾ ਕਿ ਕੈਨੇਡਾ ਨੂੰ ਡਰਾਇਆ ਜਾ ਸਕਦਾ ਹੈ।

ਟਰੂਡੋ ਦੀ ਇਹ ਟਿੱਪਣੀ ਚੀਨੀ ਵਿਦੇਸ਼ ਮੰਤਰਾਲਾ ਦੇ ਇਕ ਬੁਲਾਰੇ ਦੇ ਉਸ ਬਿਆਨ ਤੋਂ ਬਾਅਦ ਆਈ ਹੈ, ਜਿਸ ਵਿਚ ਚੀਨ ਨੇ ਕਿਹਾ ਸੀ ਕਿ ਕੈਨੇਡਾ ਵੱਲੋਂ ਮੇਂਗ ਨੂੰ ਲੈ ਕੇ ਅਮਰੀਕਾ ਹਵਾਲੇ ਦੇਣ ਦੀ ਕੀਤੀ ਜਾ ਰਹੀ ਕੋਸ਼ਿਸ਼ ਨਾਲ ਮਾਈਕਲ ਕੋਵਰਿਗ ਅਤੇ ਮਾਈਕਲ ਸਪਾਇਰ ਦੇ ਮਾਮਲੇ 'ਤੇ ਪ੍ਰਭਾਵ ਪੈ ਸਕਦਾ ਹੈ। ਚੀਨ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਜੇਕਰ ਕੈਨੇਡਾ ਹੁਵਾਵੇ ਦੀ ਕਾਰਜਕਾਰੀ ਮੇਂਗ ਵਾਂਜ਼ੂ ਨੂੰ ਸਹੀ ਸਲਾਮਤ ਛੱਡਦਾ ਹੈ ਤਾਂ ਇਸ ਦੇ ਬਦਲੇ ਉਹ ਵੀ ਦੋਵੇਂ ਕੈਨੇਡੀਅਨਾਂ ਦੀ ਰਿਹਾਈ ਦਾ ਰਸਤਾ ਖੋਲ੍ਹਣ ਦਾ ਵਿਚਾਰ ਸਕਦਾ ਹੈ।

ਗੌਰਤਲਬ ਹੈ ਕਿ ਮੇਂਗ ਵਾਂਜ਼ੂ ਨੂੰ ਈਰਾਨ 'ਤੇ ਵਪਾਰਕ ਪਾਬੰਦੀਆਂ ਦੀ ਸੰਭਾਵਿਤ ਉਲੰਘਣਾ ਨਾਲ ਜੁੜੇ ਅਮਰੀਕਾ ਦੇ ਦੋਸ਼ਾਂ 'ਤੇ ਦਸੰਬਰ 2018 'ਚ ਵੈਨਕੁਵਰ 'ਚ ਗ੍ਰਿਫਤਾਰ ਕੀਤਾ ਗਿਆ ਸੀ। ਹੁਵਾਵੇ ਦੀ ਮੁੱਖ ਵਿੱਤ ਅਧਿਕਾਰੀ ਦੀ ਗ੍ਰਿਫਤਾਰੀ ਦੇ ਕੁਝ ਦਿਨਾਂ ਪਿੱਛੋਂ ਹੀ ਚੀਨ ਨੇ ਵੀ ਦੋ ਕੈਨੇਡੀਅਨਾਂ- ਸਾਬਕਾ ਡਿਪਲੋਮੈਟ ਮਾਈਕਲ ਕੋਵਰਿਗ ਅਤੇ ਕਾਰੋਬਾਰੀ ਮਾਈਕਲ ਸਪਾਇਰ ਨੂੰ ਹਿਰਾਸਤ 'ਚ ਲੈ ਲਿਆ ਸੀ, ਜਿਨ੍ਹਾਂ 'ਤੇ ਪਿਛਲੇ ਹਫਤੇ ਹੀ ਸ਼ੁੱਕਰਵਾਰ ਨੂੰ ਜਾਸੂਸੀ ਦੇ ਦੋਸ਼ਾਂ 'ਚ ਮੁਕੱਦਮਾ ਚਲਾਉਣ ਦੀ ਤਿਆਰੀ ਸ਼ੁਰੂ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਦਸੰਬਰ 2018 ਤੋਂ ਪਿਛਲੇ ਹਫ਼ਤੇ ਤੱਕ ਬਿਨਾਂ ਕਿਸੇ ਦੋਸ਼ ਦੇ ਚੀਨ ਨੇ ਹਿਰਾਸਤ ਵਿਚ ਰੱਖਿਆ ਸੀ।


author

Sanjeev

Content Editor

Related News