ਟਰੂਡੋ ਦੀ ਘੱਟ ਗਿਣਤੀ ਸਰਕਾਰ ਦੇ ਡਿਗਣ ਦਾ ਖ਼ਤਰਾ ਟਲਿਆ

Thursday, Nov 25, 2021 - 11:12 AM (IST)

ਟਰੂਡੋ ਦੀ ਘੱਟ ਗਿਣਤੀ ਸਰਕਾਰ ਦੇ ਡਿਗਣ ਦਾ ਖ਼ਤਰਾ ਟਲਿਆ

ਟੋਰਾਂਟੋ (ਬਿਊਰੋ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਦੇ ਡਿਗਣ ਦਾ ਖਤਰਾ ਇਸ ਸਾਲ ਟਲ ਗਿਆ ਹੈ। ਸੰਸਦ ਦੇ ਮੌਜੂਦਾ ਸੈਸ਼ਨ ਦੌਰਾਨ ਬੀਤੇ ਕੱਲ੍ਹ ਸੈਨੇਟ 'ਚ ਗਵਰਨਰ ਜਨਰਲ ਮੈਰੀ ਸਾਈਮਨ ਨੇ 'ਥਰੋਨ ਸਪੀਚ' (ਸਿੰਘਾਸਨ ਭਾਸ਼ਣ ਭਾਵ ਰਾਸ਼ਟਰਪਤੀ ਭਾਸ਼ਣ) ਪੜ੍ਹਿਆ, ਜਿਸ ਨੂੰ ਹਾਊਸ ਆਫ ਕਾਮਨਜ਼ ਦੇ ਮੈਂਬਰਾਂ ਨੇ ਵੀ ਸੁਣਿਆ। ਇਹ ਭਾਸ਼ਣ ਸੱਤਾਧਾਰੀ ਲਿਬਰਲ ਪਾਰਟੀ ਵਲੋਂ ਆਪਣੇ ਚੋਣ ਏਜੰਡੇ ਮੁਤਾਬਕ ਸਰਕਾਰ ਦੀਆਂ ਨੀਤੀਆਂ ਅਨੁਸਾਰ ਤਿਆਰ ਕੀਤਾ ਗਿਆ ਸੀ। ਇਸ 'ਚ ਮੁੱਖ ਤੌਰ 'ਤੇ ਕੋਰੋਨਾ ਵਾਇਰਸ 'ਤੇ ਕਾਬੂ ਅਤੇ ਆਰਥਿਕਤਾ ਨੂੰ ਲੀਹਾਂ 'ਤੇ ਰੱਖਣ ਅਤੇ ਆਦੀਵਾਸੀ ਭਾਈਚਾਰਿਆਂ ਨਾਲ ਨੇੜਤਾ ਵਧਾਉਣ ਦੇ ਮੁੱਦਿਆਂ ਦਾ ਜ਼ਿਕਰ ਸੀ। 

ਪੜ੍ਹੋ ਇਹ ਅਹਿਮ ਖਬਰ-  ਕੈਰਨ ਵੈਬ ਹੋਵੇਗੀ ਨਿਊ ਸਾਊਥ ਵੇਲਜ ਦੀ 'ਪਹਿਲੀ ਮਹਿਲਾ ਪੁਲਿਸ ਕਮਿਸ਼ਨਰ' 

ਭਾਸ਼ਣ ਦੀ ਸਮਾਪਤੀ ਤੋਂ ਬਾਅਦ ਵਿਰੋਧੀ ਧਿਰ ਕੰਜਰਵੇਟਿਵ ਪਾਰਟੀ ਦੇ ਆਗੂ ਏਰਿਨ ਓਟੂਲ ਨੇ ਸੰਸਦ ਵਿਚ ਇਸ ਦੀ ਹਮਾਇਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.) ਦੇ ਆਗੂ ਜਗਮੀਤ ਸਿੰਘ ਨੇ ਹਮਾਇਤ ਕਰਨ ਦਾ ਸਪੱਸ਼ਟ ਐਲਾਨ ਨਹੀਂ ਕੀਤਾ ਪਰ ਬਲਾਕ ਕਿਊਬਕ ਦੇ ਆਗੂ ਇਵੇਸ ਫਰਾਂਸੂਆ ਬਲਾਂਸ਼ੇ ਨੇ ਕਿਹਾ ਕਿ ਭਾਸ਼ਣ ਰਾਹੀਂ ਪੇਸ਼ ਕੀਤੇ ਗਏ ਸਰਕਾਰ ਦੇ ਏਜੰਡੇ ਨੂੰ ਬਰਦਾਸ਼ਤ ਕਰ ਸਕਦੇ ਹਨ। ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਇਸ ਦੇ ਹੱਕ ਵਿਚ ਵੋਟ ਪਾਉਣਗੇ। ਟਰੂਡੋ ਨੂੰ ਸੰਸਦ ਵਿੱਚ ਭਰੋਸਾ ਬਰਕਰਾਰ ਰੱਖਣ ਲਈ ਉਪਰੋਕਤ ਤਿੰਨ 'ਚੋਂ ਕਿਸੇ ਇਕ ਵਿਰੋਧੀ ਪਾਰਟੀ ਦਾ ਸਮਰਥਨ ਚਾਹੀਦਾ ਹੈ। ਹੁਣ 2022 'ਚ ਬਜਟ ਤੱਕ ਕੈਨੇਡਾ ਦੀ ਮੌਜੂਦਾ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ।


author

Vandana

Content Editor

Related News