ਕੋਰੋਨਾ ਸੰਕਟ ਵਿਚਕਾਰ ਅਮਰੀਕਾ 'ਚ ਤੂਫਾਨ ਨੇ ਦਿੱਤੀ ਦਸਤਕ
Monday, May 18, 2020 - 11:06 AM (IST)

ਵਾਸ਼ਿੰਗਟਨ- ਐਤਵਾਰ ਸ਼ਾਮ ਨੂੰ ਅਮਰੀਕਾ ਦੇ ਉੱਤਰੀ ਕੈਰੋਲੀਨਾ ਤੱਟ ਕੋਲ ਤੂਫਾਨ ਆਰਥਰ ਪਹੁੰਚ ਗਿਆ। ਅਮਰੀਕਾ ਦੇ ਮਿਆਮੀ ਸਥਿਤ ਰਾਸ਼ਟਰੀ ਤੂਫਾਨ ਕੇਂਦਰ ਨੇ ਉੱਤਰੀ ਕੈਰੋਲੀਨਾ ਦੇ ਬਾਹਰੀ ਤੱਟ 'ਤੇ ਆਉਣ ਵਾਲੇ ਤੂਫਾਨ ਦੇ ਟਕਰਾਉਣ ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਸਥਾਨਕ ਸਮੇਂ ਮੁਤਾਬਕ ਰਾਤ ਦੇ ਤਕਰੀਬਨ 8 ਵਜੇ ਤੂਫਾਨ ਦਾ ਕੇਂਦਰ ਉੱਤਰੀ ਕੈਰੋਲੀਨਾ ਦੇ ਕੇਪ ਹੈਟਰਸ ਤੋਂ ਦੱਖਣ-ਪੱਛਮ ਵਿਚ 260 ਮੀਲ ਦੀ ਦੂਰੀ 'ਤੇ ਸੀ। ਇਸ ਦੌਰਾਨ 45 ਮੀਲ ਪ੍ਰਤੀ ਘੰਟਾ (75 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲੀਆਂ।
ਇਹ 9 ਮੀਲ ਪ੍ਰਤੀ ਘੰਟੇ (ਲਗਭਗ 15 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫਤਾਰ ਨਾਲ ਵੱਧ ਰਿਹਾ ਹੈ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਰਥਰ ਉੱਤਰੀ ਕੈਰੋਲੀਨਾ ਦੇ ਤਟ 'ਤੇ ਪੁੱਜਣ ਤੋਂ ਪਹਿਲਾਂ ਐਤਵਾਰ ਨੂੰ ਫਲੋਰਿਡਾ, ਜਾਰਜੀਆ ਅਤੇ ਦੱਖਣੀ ਕੈਰੋਲੀਨਾ ਦੇ ਤੱਟ ਨਾਲ ਟਕਰਾਵੇਗਾ, ਜਿੱਥੇ ਸੋਮਵਾਰ ਤੋਂ ਭਾਰੀ ਮੀਂਹ ਪੈ ਸਕਦਾ ਹੈ। ਉੱਤਰੀ ਕੈਰੋਲੀਨਾ ਦੇ ਤੱਟ ਦੇ ਕੁਝ ਹਿੱਸਿਆਂ ਲਈ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ, ਜਿਸ ਵਿਚ ਪਾਮਲਿਕੋ ਅਤੇ ਅਲਬੇਮਾਰਲ ਸਾਊਂਡ ਸਣੇ ਸਰਫ ਸਿਟੀ ਸ਼ਾਮਲ ਹਨ। ਉੱਤਰੀ ਕੈਰੋਲੀਨਾ ਦੇ ਰਾਸ਼ਟਰੀ ਮੌਸਮ ਵਿਭਾਗ ਦੇ ਮੌਸਮ ਵਿਗਿਆਨੀ ਮਾਈਕਲ ਲੀ ਨੇ ਕਿਹਾ ਕਿ ਸਮੁੰਦਰੀ ਤੱਟ 'ਤੇ ਤੂਫਾਨੀ ਹਵਾਵਾਂ ਚੱਲ ਸਕਦੀਆਂ ਹਨ, ਖਾਸ ਕਰਕੇ ਬਾਹਰੀ ਹਿੱਸੇ ਵਿਚ। ਲੀ ਨੇ ਕਿਹਾ ਕਿ ਪੂਰਬੀ ਉੱਤਰੀ ਕੈਰੋਲੀਨਾ ਦੇ ਵੱਡੇ ਹਿੱਸੇ ਵਿੱਚ ਵੀ ਭਾਰੀ ਮੀਂਹ ਪੈ ਸਕਦਾ ਹੈ।