ਕੰਬੋਡੀਆ ''ਚ ਨੌਕਰੀ ਦੇ ਝਾਂਸੇ ''ਚ ਫਸੇ 67 ਭਾਰਤੀ, ਦੂਤਘਰ ਨੇ ਕਰਾਇਆ ਮੁਕਤ
Wednesday, Oct 02, 2024 - 05:32 PM (IST)
ਨੌਮ ਪੇਨ : ਨੋਮ ਪੇਨ ਸਥਿਤ ਭਾਰਤੀ ਦੂਤਾਵਾਸ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਸਨੇ ਕੰਬੋਡੀਆ ਦੇ ਪੋਇਪੇਟ ਤੋਂ 67 ਭਾਰਤੀ ਨਾਗਰਿਕਾਂ ਨੂੰ ਸਫਲਤਾਪੂਰਵਕ ਛੁਡਵਾਇਆ ਹੈ, ਜਿਨ੍ਹਾਂ ਨੂੰ ਸਾਈਬਰ ਕ੍ਰਾਈਮ 'ਚ ਸ਼ਾਮਲ ਫਰਜ਼ੀ ਏਜੰਟਾਂ ਦੁਆਰਾ ਨੌਕਰੀ ਦੀ ਪੇਸ਼ਕਸ਼ ਦਾ ਲਾਲਚ ਦਿੱਤਾ ਗਿਆ ਸੀ।
ਦੂਤਾਵਾਸ ਨੇ ਇੱਕ ਬਿਆਨ 'ਚ ਕਿਹਾ ਕਿ ਭਾਰਤੀ ਦੂਤਾਵਾਸ, ਨੌਮ ਪੇਨ, ਜਾਅਲੀ ਏਜੰਟਾਂ ਦੁਆਰਾ ਧੋਖਾਧੜੀ ਵਾਲੀਆਂ ਨੌਕਰੀਆਂ ਦੀਆਂ ਪੇਸ਼ਕਸ਼ਾਂ 'ਚ ਫਸੇ ਭਾਰਤੀ ਨਾਗਰਿਕਾਂ ਨੂੰ ਬਚਾਉਣ ਅਤੇ ਵਾਪਸ ਲਿਆਉਣ ਵਿੱਚ ਸਰਗਰਮੀ ਨਾਲ ਰੁੱਝਿਆ ਹੋਇਆ ਹੈ, ਜੋ ਉਨ੍ਹਾਂ ਨੂੰ ਅਜਿਹੀਆਂ ਸਾਈਬਰ ਕ੍ਰਾਈਮ ਗਤੀਵਿਧੀਆਂ 'ਚ ਫਸਾਉਂਦੇ ਹਨ। ਦੂਤਾਵਾਸ ਅਨੁਸਾਰ, 22 ਸਤੰਬਰ ਨੂੰ ਖਾਸ ਸੂਚਨਾਮ ਮਿਲਣ ਤੋਂ ਬਾਅਦ, ਕੰਬੋਡੀਅਨ ਪੁਲਸ ਨੇ ਪੋਇਪੇਟ ਤੋਂ 67 ਭਾਰਤੀ ਨਾਗਰਿਕਾਂ ਨੂੰ ਬਚਾਇਆ ਸੀ। ਦੂਤਾਵਾਸ, ਕੰਬੋਡੀਅਨ ਅਧਿਕਾਰੀਆਂ ਦੇ ਨਜ਼ਦੀਕੀ ਸਹਿਯੋਗ ਨਾਲ, ਹੁਣ ਉਨ੍ਹਾਂ ਨੂੰ ਬੈਚਾਂ ਵਿਚ ਵਾਪਸ ਭੇਜਣ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ।
ਦੂਤਾਵਾਸ ਦੇ ਅਧਿਕਾਰੀਆਂ ਦੀ ਇੱਕ ਟੀਮ ਪ੍ਰਕਿਰਿਆ ਦੀ ਨਿਗਰਾਨੀ ਕਰ ਰਹੀ ਹੈ ਅਤੇ ਸਟਾਫ਼ ਮੈਂਬਰ ਬਚਾਏ ਗਏ ਨਾਗਰਿਕਾਂ ਦੀ ਨਿਰਵਿਘਨ ਰਵਾਨਗੀ ਨੂੰ ਯਕੀਨੀ ਬਣਾਉਣ ਲਈ ਹਵਾਈ ਅੱਡੇ 'ਤੇ ਤਾਇਨਾਤ ਹਨ। 30 ਸਤੰਬਰ ਤੱਕ, 15 ਭਾਰਤੀ ਨਾਗਰਿਕ ਪਹਿਲਾਂ ਹੀ ਘਰ ਪਰਤ ਚੁੱਕੇ ਹਨ, ਇਸ ਤੋਂ ਬਾਅਦ 1 ਅਕਤੂਬਰ ਨੂੰ 24 ਹੋਰ ਭਾਰਤ ਭੇਜੇ ਜਾ ਰਹੇ ਹਨ। ਬਾਕੀ 28 ਵਿਅਕਤੀਆਂ ਦੇ ਆਉਣ ਵਾਲੇ ਦਿਨਾਂ ਵਿੱਚ ਭਾਰਤ ਪਹੁੰਚਣ ਦੀ ਉਮੀਦ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤੀ ਦੂਤਘਰ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਅਜਿਹੇ ਸਾਈਬਰ ਕ੍ਰਾਈਮ ਕਾਰਵਾਈਆਂ ਵਿਚ ਫਸੇ ਸਾਡੇ ਨਾਗਰਿਕਾਂ ਦੀ ਸਹਾਇਤਾ ਲਈ ਵਚਨਬੱਧ ਹੈ।
ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ, ਦੂਤਾਵਾਸ ਨੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੰਬੋਡੀਆ ਅਤੇ ਹੋਰ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ 'ਚ ਨੌਕਰੀ ਦੇ ਮੌਕਿਆਂ 'ਤੇ ਵਿਚਾਰ ਕਰਦੇ ਸਮੇਂ 'ਬਹੁਤ ਸਾਵਧਾਨੀ' ਵਰਤਣ, ਖਾਸ ਤੌਰ 'ਤੇ ਸ਼ੱਕੀ ਏਜੰਟਾਂ ਦੁਆਰਾ ਜਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਦੁਆਰਾ ਇਸ਼ਤਿਹਾਰ ਦਿੱਤੇ ਗਏ। ਐਡਵਾਈਜ਼ਰੀ ਤੋਂ ਇਲਾਵਾ, ਐਮਰਜੈਂਸੀ ਹੈਲਪਲਾਈਨ ਨੰਬਰ ਅਤੇ ਇੱਕ ਈਮੇਲ ਪਤਾ ਵੀ ਭਾਰਤੀ ਨਾਗਰਿਕਾਂ ਲਈ ਪ੍ਰਦਾਨ ਕੀਤਾ ਗਿਆ ਹੈ ਜੋ ਅਜਿਹੀਆਂ ਸਥਿਤੀਆਂ 'ਚ ਫਸ ਸਕਦੇ ਹਨ ਤੇ ਭਾਰਤ ਪਰਤਣਾ ਚਾਹੁੰਦੇ ਹਨ।
ਜਨਵਰੀ 2022 ਤੋਂ, ਦੂਤਾਵਾਸ ਨੇ 1,000 ਤੋਂ ਵੱਧ ਭਾਰਤੀ ਨਾਗਰਿਕਾਂ ਦੀ ਵਾਪਸੀ ਦੀ ਸਹੂਲਤ ਦਿੱਤੀ ਹੈ। ਇਕੱਲੇ 2024 'ਚ, ਕੰਬੋਡੀਆ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਭਾਰਤੀ ਦੂਤਾਵਾਸ ਦੁਆਰਾ ਕੀਤੇ ਗਏ ਲਗਾਤਾਰ ਯਤਨਾਂ ਤੋਂ ਬਾਅਦ ਲਗਭਗ 770 ਨਾਗਰਿਕਾਂ ਨੂੰ ਵਾਪਸ ਲਿਆਂਦਾ ਗਿਆ ਹੈ।