ਟੋਰਾਂਟੋ ''ਚ ਚਾਰ ਦਿਨਾਂ ''ਚ 2 ਹਜ਼ਾਰ ਤੋਂ ਵੱਧ ਲੋਕ ਹੋਏ ਕੋਰੋਨਾ ਦੇ ਸ਼ਿਕਾਰ
Tuesday, Dec 29, 2020 - 12:54 PM (IST)
ਟੋਰਾਂਟੋ- ਓਂਟਾਰੀਓ ਸੂਬੇ ਵਿਚ ਕੋਰੋਨਾ ਦਾ ਗੜ੍ਹ ਬਣ ਚੁੱਕੇ ਸ਼ਹਿਰ ਟੋਰਾਂਟੋ ਵਿਚ ਚਾਰ ਦਿਨਾਂ ਅੰਦਰ ਕੋਰੋਨਾ ਦੇ 2,226 ਨਵੇਂ ਮਾਮਲੇ ਦਰਜ ਹੋਏ ਹਨ। ਸਿਹਤ ਮੰਤਰਾਲੇ ਵਲੋਂ ਜਾਰੀ ਡਾਟਾ ਮੁਤਾਬਕ ਕ੍ਰਿਸਮਸ ਈਵ ਤੋਂ ਅਗਲੇ 4 ਦਿਨਾਂ ਵਿਚ ਇੱਥੇ 2 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ, ਹਾਲਾਂਕਿ ਸੂਬੇ ਵਿਚ ਤਾਲਾਬੰਦੀ ਕੀਤੀ ਗਈ ਹੈ ਤੇ ਟੋਰਾਂਟੋ ਤਾਂ ਪਹਿਲਾਂ ਹੀ ਤਾਲਾਬੰਦੀ ਵਿਚ ਹੈ। ਇਸ ਦੇ ਬਾਵਜੂਦ ਕੋਰੋਨਾ ਮਾਮਲੇ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ।
24 ਦਸੰਬਰ ਤੋਂ 27 ਦਸੰਬਰ ਤੱਕ ਦੇ ਡਾਟਾ ਨਾਲ ਟੋਰਾਂਟੋ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 58,115 ਹੋ ਗਈ ਹੈ। ਲਗਭਗ 4 ਦਿਨਾਂ ਵਿਚ 64 ਲੋਕਾਂ ਨੇ ਜਾਨ ਗੁਆਈ ਹੈ ਤੇ ਇਸ ਦੌਰਾਨ 2,531 ਲੋਕ ਸਿਹਤਯਾਬ ਹੋਏ ਹਨ।
ਟੋਰਾਂਟੋ ਪਬਲਿਕ ਹੈਲਥ ਨੇ ਦੱਸਿਆ ਕਿ 100 ਹੋਰ ਲੋਕ ਹਸਪਤਾਲ ਵਿਚ ਭਰਤੀ ਹਨ। ਜ਼ਿਕਰਯੋਗ ਹੈ ਕਿ ਓਂਟਾਰੀਓ ਵਿਚ ਐਤਵਾਰ ਨੂੰ ਕੋਰੋਨਾ ਦੇ 2005 ਨਵੇਂ ਮਾਮਲੇ ਦਰਜ ਹੋਏ ਤੇ ਇਸ ਦੌਰਾਨ 18 ਲੋਕਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਕੈਨੇਡਾ ਵਿਚ ਕੋਰੋਨਾ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ 15 ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਲੋਕਾਂ ਨੇ ਛੁੱਟੀਆਂ ਦੌਰਾਨ ਕੋਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਨਹੀਂ ਵਰਤੀਆਂ।