ਨਵੰਬਰ ਨੂੰ ਕੈਨੇਡਾ ਦੇ ਸਭ ਤੋਂ ਵੱਡੇ ਸਕੂਲ ਬੋਰਡ ਨੇ ਐਲਾਨਿਆ ''ਹਿੰਦੂ ਵਿਰਾਸਤੀ ਮਹੀਨਾ''

04/24/2018 1:53:12 AM

ਟੋਰਾਂਟੋ— ਕੈਨੇਡਾ ਦੇ ਸਭ ਤੋਂ ਵੱਡੇ ਸਕੂਲ ਬੋਰਡ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ' ਨੇ ਨਵੰਬਰ ਨੂੰ ਹਰ ਸਾਲ 'ਹਿੰਦੂ ਵਿਰਾਸਤੀ ਮਹੀਨੇ' ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਟੀ.ਡੀ.ਐੱਸ.ਬੀ. ਦੇ ਟਰੱਸਟੀਆਂ ਦੀ ਮੀਟਿੰਗ ਦੌਰਾਨ ਇਹ ਮਤਾ ਪਾਸ ਕੀਤਾ ਗਿਆ ਕਿ ਹਿੰਦੂ ਵਿਰਾਸਤੀ ਮਹੀਨਾ ਪ੍ਰਾਚੀਨ ਤੇ ਆਧੁਨਿਕ ਜੀਵਨ ਦੇ ਸਬੰਧ 'ਚ ਸਾਡੇ ਵਿਦਿਆਰਥੀਆਂ ਤੇ ਸਕੂਲ ਕਮਿਊਨਿਟੀਜ਼ ਨੂੰ ਜਸ਼ਨ ਮਨਾਉਣ ਤੇ ਸਿੱਖਿਆ ਹਾਸਲ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਇਸ ਲਈ ਇਸ ਦੇ ਜਸ਼ਨ ਹਰ ਸਾਲ ਮਨਾਏ ਜਾਣ। ਇਸ ਮਤੇ 'ਚ ਇਹ ਵੀ ਦੱਸਿਆ ਕਿ ਕੈਨੇਡੀਅਨ ਹਿੰਦੂ ਭਾਈਚਾਰਾ ਕਈ ਦਹਾਕਿਆਂ ਤੋਂ ਕੈਨੇਡਾ ਦੇ ਆਮ ਜੀਵਨ 'ਚ ਵੱਡਾ ਯੋਗਦਾਨ ਪਾਉਂਦਾ ਆ ਰਿਹਾ ਹੈ ਤੇ ਹਿੰਦੂ ਟੋਰਾਂਟੋ, ਓਨਟਾਰੀਓ ਤੇ ਕੈਨੇਡਾ ਦੇ ਵਿਕਾਸ ਤੇ ਖੁਸ਼ਹਾਲੀ ਦਾ ਮਹੱਤਵਪੂਰਨ ਹਿੱਸਾ ਹਨ। ਮਤੇ 'ਚ ਦੱਸਿਆ ਗਿਆ ਕਿ ਹਿੰਦੂ ਧਰਮ ਦਾ ਘੇਰਾ ਕਾਫੀ ਵਿਸ਼ਾਲ ਹੈ, ਜਿਸ ਨੇ ਗਣਿਤ, ਵਿਗਿਆਨ ਤੇ ਖਗੋਲ ਵਿਗਿਆਨ ਦੇ ਮਾਧਿਅਮ ਨਾਲ ਸਿੱਖਿਆ 'ਚ ਯੋਗਦਾਨ ਦਿੱਤਾ ਤੇ ਯੋਗਾ ਜਿਹੇ ਕਈ ਹੋਰਨਾਂ ਤਰੀਕਿਆਂ ਰਾਹੀ ਸਿਹਤ ਸੰਭਾਲ ਦੇ ਗੁਰ ਦੱਸੇ।
ਹਿੰਦੂ ਨੇਤਾ ਰਾਜਨ ਜੈਡ ਨੇ ਨੇਵਾਡਾ 'ਚ ਇਕ ਬਿਆਨ ਜਾਰੀ ਕਰਦਿਆਂ ਟੀ.ਡੀ.ਐਸ.ਬੀ. ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੇ ਕੈਨੇਡਾ ਦੇ ਸਾਰੇ ਸਕੂਲ ਬੋਰਡਾਂ ਨੂੰ ਬੇਨਤੀ ਕੀਤੀ ਕਿ ਉਹ ਸਾਰੇ ਹਿੰਦੂ ਧਰਮ ਦਾ ਸਤਿਕਾਰ ਕਰਦੇ ਹੋਏ ਟੀ.ਡੀ.ਐੱਸ.ਬੀ. ਦੀ ਤਰ੍ਹਾਂ ਨਵੰਬਰ ਨੂੰ ਹਿੰਦੂ ਵਿਰਾਸਤੀ ਮਹੀਨਾ ਐਲਾਨਣ। ਉਨ੍ਹਾਂ ਕਿਹਾ ਕਿ ਹਿੰਦੂ ਭਾਈਚਾਰੇ ਨੇ ਕੈਨੇਡਾ 'ਚ ਕੌਮ ਤੇ ਸਮਾਜ ਦੀ ਭਲਾਈ 'ਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ ਤੇ ਹੁਣ ਵੀ ਇਸ ਪਾਸੇ ਲਗਾਤਾਰ ਕਦਮ ਅੱਗੇ ਪੁੱਟ ਰਿਹਾ ਹੈ। ਰਾਜਨ ਜੈਡ ਜੋ ਕਿ ਹਿੰਦੂ ਭਾਈਚਾਰੇ ਦੇ ਵਿਸ਼ਵ ਪੱਧਰ ਦੇ ਨੇਤਾ ਹਨ, ਨੇ ਟੀ.ਡੀ.ਐਸ.ਬੀ. ਨੂੰ ਬੇਨਤੀ ਕੀਤੀ ਕਿ ਉਹ ਡਿਸਟ੍ਰਿਕਟ 'ਚ ਹਿੰਦੂ ਵਿਗਿਆਰਥੀਆਂ ਦੀ ਗਿਣਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਹਿੰਦੂਆਂ ਦੇ ਪ੍ਰਸਿੱਧ ਤਿਉਹਾਰ ਦੇ ਜਸ਼ਨ ਧੂਮਧਾਮ ਨਾਲ ਮਨਾ ਸਕਣ।


Related News