ਟੋਰਾਂਟੋ ''ਚ ਨੌਜਵਾਨ ਵਰਗ ਵਧੇਰੇ ਹੋ ਰਿਹੈ ਕੋਰੋਨਾ ਦਾ ਸ਼ਿਕਾਰ

Thursday, Nov 19, 2020 - 04:27 PM (IST)

ਟੋਰਾਂਟੋ ''ਚ ਨੌਜਵਾਨ ਵਰਗ ਵਧੇਰੇ ਹੋ ਰਿਹੈ ਕੋਰੋਨਾ ਦਾ ਸ਼ਿਕਾਰ

ਟੋਰਾਂਟੋ- ਟੋਰਾਂਟੋ ਦੇ ਇਕ ਉੱਚ ਡਾਕਟਰ ਨੇ ਮਾਪਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਟੀਨਏਜਰ ਬੱਚਿਆਂ ਨੂੰ ਬਾਹਰ ਘੁੰਮਣ-ਫਿਰਨ ਅਤੇ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਤੋੜਨ ਤੋਂ ਰੋਕਣ ਕਿਉਂਕਿ ਨਵੇਂ ਡਾਟਾ ਮੁਤਾਬਕ ਕੋਰੋਨਾ ਦੇ ਵਧੇਰੇ ਸ਼ਿਕਾਰ ਨੌਜਵਾਨ ਹੋ ਰਹੇ ਹਨ।  

ਮੈਡੀਕਲ ਅਧਿਕਾਰੀ ਡਾਕਟਰ ਐਲੀਨ ਡੀ ਵਿਲਾ ਨੇ ਕਿਹਾ ਕਿ ਨੌਜਵਾਨ ਵਰਗ ਕੋਰੋਨਾ ਕਾਰਨ ਲਾਈਆਂ ਪਾਬੰਦੀਆਂ ਦੀ ਉਲੰਘਣਾ ਕਰ ਰਿਹੈ ਹੈ, ਜੋ ਕਿ ਬਹੁਤ ਚਿੰਤਾਜਨਕ ਹੈ। ਇਸ ਉਮਰ ਵਰਗ ਦੇ ਨੌਜਵਾਨ ਮਾਸਕ ਲਾਉਣ ਅਤੇ ਸਮਾਜਕ ਦੂਰੀ ਬਣਾਈ ਰੱਖਣ ਵਿਚ ਸੰਕੋਚ ਕਰਦੇ ਹਨ ਅਤੇ ਇਸੇ ਕਾਰਨ ਇਹ ਵਰਗ ਵਧੇਰੇ ਕੋਰੋਨਾ ਦੀ ਲਪੇਟ ਵਿਚ ਆ ਰਿਹਾ ਹੈ। ਵਿਲਾ ਨੇ ਦੱਸਿਆ ਕਿ 14 ਤੋਂ 17 ਸਾਲ ਦੇ 7.5 ਫ਼ੀਸਦੀ ਅਤੇ 18 ਤੋਂ 23 ਸਾਲ ਦੇ 8.2 ਫ਼ੀਸਦੀ ਨੌਜਵਾਨ ਕੋਰੋਨਾ ਦੇ ਸ਼ਿਕਾਰ ਹੋਏ ਹਨ। 

ਪਿਛਲੇ ਹਫ਼ਤੇ ਟੋਰਾਂਟੋ ਵਿਚ ਕੋਰੋਨਾ ਪਾਜ਼ੀਟੀਵਿਟੀ ਰੇਟ 5.9 ਫ਼ੀਸਦੀ ਸੀ ਤੇ ਹੁਣ 6.2 ਫ਼ੀਸਦੀ ਹੋ ਗਿਆ ਹੈ। ਡਾਕਟਰ ਵਿਲਾ ਨੇ ਕਿਹਾ ਕਿ ਇਹ ਮਾਪਿਆ ਦਾ ਫਰਜ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਹਰ ਜ਼ਰੂਰੀ ਕਦਮ ਚੁੱਕਣ। ਉਨ੍ਹਾਂ ਕਿਹਾ ਕਿ ਉਹ ਵੀ ਟੀਨਏਜਰ ਬੱਚਿਆਂ ਦੇ ਮਾਪੇ ਹਨ ਤੇ ਉਨ੍ਹਾਂ ਨੂੰ ਪਤਾ ਹੈ ਕਿ ਇਸ ਉਮਰ ਦੇ ਬੱਚੇ ਆਪਣੇ-ਆਪ ਨੂੰ ਆਜ਼ਾਦ ਸਮਝਦੇ ਹਨ ਤੇ ਉਨ੍ਹਾਂ ਨੂੰ ਕੋਈ ਰੋਕੇ ਤਾਂ ਉਹ ਬੁਰਾ ਮੰਨਦੇ ਹਨ ਪਰ ਉਨ੍ਹਾਂ ਦੀ ਸਿਹਤ ਲਈ ਜ਼ਰੂਰੀ ਹੈ ਕਿ ਉਹ ਸਮਾਜਕ ਮੇਲ-ਜੋਲ ਤੋਂ ਦੂਰ ਰਹਿਣ । 

ਬੁੱਧਵਾਰ ਨੂੰ ਟੋਰਾਂਟੋ ਵਿਚ ਕੋਰੋਨਾ ਦੇ 445 ਨਵੇਂ ਮਾਮਲੇ ਦਰਜ ਹੋਏ ਜਦਕਿ ਮੰਗਲਵਾਰ ਨੂੰ ਇਹ 559 ਅਤੇ ਸੋਮਵਾਰ ਨੂੰ 538 ਨਵੇਂ ਮਾਮਲੇ ਦਰਜ ਕੀਤੇ ਗਏ ਸਨ। ਇਸ ਸਮੇਂ ਸ਼ਹਿਰ ਵਿਚ 191 ਮਰੀਜ਼ ਹਸਪਤਾਲਾਂ ਵਿਚ ਭਰਤੀ ਹਨ। ਇਨ੍ਹਾਂ ਵਿਚੋਂ 44 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸੂਬੇ ਦੇ ਮੁੱਖ ਮੰਤਰੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਕੋਰੋਨਾ ਮਾਮਲਿਆਂ 'ਤੇ ਲਗਾਮ ਲਾਉਣ ਲਈ ਸਖ਼ਤਾਈ ਕਰਨ ਜਾ ਰਹੇ ਹਨ। 


author

Lalita Mam

Content Editor

Related News