ਟੋਰਾਂਟੋ ਚਾਈਲਡ ਕੇਅਰ ਸੈਂਟਰ ਕੋਰੋਨਾ ਦੇ 4 ਮਾਮਲੇ ਮਿਲਣ ਕਾਰਨ ਕੀਤਾ ਬੰਦ

01/05/2021 4:20:56 PM

 ਟੋਰਾਂਟੋ- ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਇਕ ਚਾਈਲਡ ਕੇਅਰ ਸੈਂਟਰ ਵਿਚ ਕੋਰੋਨਾ ਦੇ 4 ਮਾਮਲੇ ਮਿਲਣ ਦੇ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਸੋਮਵਾਰ ਸ਼ਾਮ ਨੂੰ ਦੱਸਿਆ ਗਿਆ ਕਿ ਦੋ ਮਾਮਲੇ ਇੱਥੇ ਨੌਕਰੀ ਕਰਨ ਵਾਲਿਆਂ ਦੇ ਹਨ ਤੇ ਦੋ ਮਾਮਲੇ ਬੱਚਿਆਂ ਦੇ ਹਨ। 

ਇਸ ਸੈਂਟਰ ਦਾ ਨਾਂ ਫਲਿੰਗਡਨ ਅਰਲੀ ਲਰਨਿੰਗ ਚਾਈਲਡ ਕੇਅਰ ਸੈਂਟਰ ਹੈ ਅਤੇ ਇਹ ਡਾਨ ਮਿਲਜ਼ ਰੋਡ 'ਤੇ ਸਥਿਤ ਹੈ। ਸੈਂਟਰ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ ਤੇ ਜੋ ਵੀ ਕੋਈ ਇਸ ਸੈਂਟਰ ਵਿਚ ਆਇਆ ਹੈ, ਉਸ ਨੂੰ ਇਕਾਂਤਵਾਸ ਹੋਣ ਦੀ ਸਲਾਹ ਦਿੱਤੀ ਗਈ ਹੈ। ਸੈਂਟਰ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਜਾ ਰਹੀ ਹੈ। ਇਸ ਸਮੇਂ ਤੱਕ ਸੈਂਟਰ ਵਿਚ ਲਗਭਗ 23 ਬੱਚੇ ਆਉਂਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ। 

ਇਸ ਸੈਂਟਰ ਵਿਚ 18 ਸਟਾਫ਼ ਮੈਂਬਰ ਕੰਮ ਕਰਦੇ ਹਨ ਤੇ ਇੱਥੇ ਬਹੁਤ ਛੋਟੇ ਬੱਚੇ ਜਾਂ ਅਜੇ ਸਕੂਲ ਨਾ ਜਾਣ ਵਾਲੇ ਬੱਚਿਆਂ ਦੀ ਸੰਭਾਲ ਕੀਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਸਿਖਾਈਆਂ ਜਾਂਦੀਆਂ ਹਨ ਤੇ ਖੇਡਾਂ ਦੇ ਮਾਧਿਅਮ ਨਾਲ ਬੋਲਣਾ ਤੇ ਪੜ੍ਹਨਾ ਸਿਖਾਇਆ ਜਾਂਦਾ ਹੈ। ਜਿਹੜੇ ਮਾਪੇ ਨੌਕਰੀ ਕਰਦੇ ਹਨ, ਉਨ੍ਹਾਂ ਲਈ ਇਹ ਬਹੁਤ ਸਹਾਇਕ ਹੁੰਦਾ ਹੈ। ਅਜੇ ਇਹ ਨਹੀਂ ਦੱਸਿਆ ਗਿਆ ਕਿ ਇਸ ਨੂੰ ਦੁਬਾਰਾ ਕਦੋਂ ਖੋਲ੍ਹਿਆ ਜਾਵੇਗਾ। ਇਸ ਸਬੰਧੀ ਟੋਰਾਂਟੋ ਸਿਹਤ ਅਧਿਕਾਰੀਆਂ ਦੀ ਇਜਾਜ਼ਤ ਦੇ ਬਾਅਦ ਹੀ ਮੁੜ ਖੋਲ੍ਹਣ ਦੀ ਤਾਰੀਖ਼ ਨਿਸ਼ਚਿਤ ਕੀਤੀ ਜਾਵੇਗੀ। 


Lalita Mam

Content Editor

Related News