ਟੋਰਾਂਟੋ : ਘਰ ''ਤੇ ਅਣਪਛਾਤਿਆਂ ਵੱਲੋਂ ਕੀਤੀ ਗਈ ਗੋਲੀਬਾਰੀ, 1 ਜ਼ਖਮੀ
Friday, Apr 19, 2019 - 01:54 AM (IST)

ਟੋਰਾਂਟੋ - ਨਾਰਥ ਯਾਰਕ 'ਚ ਟਾਊਨਹਾਊਸ ਕੰਪਲੈਕਸ ਦੀ ਖਿੜਕੀ 'ਚੋਂ 1 ਵਿਅਕਤੀ ਨੂੰ ਕਿਸੇ ਅਣਪਛਾਤਿਆਂ ਵੱਲੋਂ ਗੋਲੀ ਮਾਰ ਦਿੱਤੀ ਗਈ। ਉਸ ਨੂੰ ਗੰਭੀਰ ਜ਼ਖ਼ਮੀ ਹਾਲਤ 'ਚ ਹਸਪਤਾਲ ਦਾਖਲ ਕਰਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਦੋ ਮਸਕੂਕਾਂ ਨੇ ਅੱਧੀ ਰਾਤ ਨੂੰ ਗ੍ਰੈਂਡਰਾਵਾਈਨ ਡਰਾਈਵ ਅਤੇ ਆਰਲੇਟਾ ਐਵਨਿਊ ਨੇੜੇ ਸਥਿਤ ਇਕ ਘਰ ਦੀ ਖਿੜਕੀ 'ਚੋਂ ਇਕ ਵਿਅਕਤੀ 'ਤੇ 4 ਗੋਲੀਆਂ ਚਲਾਈਆਂ। ਇਨ੍ਹਾਂ 'ਚੋਂ ਬਹੁਤੀਆਂ ਉਸ ਵਿਅਕਤੀ ਨੂੰ ਲੱਗੀਆਂ। ਜਖਮੀ ਹਾਲਤ 'ਚ ਵੀ ਉਸ ਵਿਅਕਤੀ ਨੂੰ ਪੂਰਾ ਹੋਸ ਸੀ ਅਤੇ ਉਹ ਸਾਹ ਲੈ ਰਿਹਾ ਸੀ। ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਾਇਆ ਗਿਆ ਅਤੇ ਪੁਲਸ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਦੀ ਹਾਲਤ ਸਥਿਰ ਹੈ।
ਗੋਲੀਬਾਰੀ ਦੀ ਇਸ ਘਟਨਾ ਨੂੰ ਸੋਚੀ ਸਮਝੀ ਸਾਜਿਸ਼ ਸਮਝਿਆ ਜਾ ਰਿਹਾ ਹੈ। ਪਰਿਵਾਰ ਦੇ ਹੀ ਇਕ ਦੋਸਤ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਕੰਮ ਤੋਂ ਘਰ ਪਰਤਿਆ ਹੀ ਸੀ ੱਤੇ ਉਹ ਰਸੋਈ 'ਚ ਖਾਣਾ ਬਣਾ ਰਿਹਾ ਸੀ ਜਦੋਂ ਉਸ ਨੇ ਖਿੜਕੀ 'ਚੋਂ ਦੋ ਮਸਕੂਕਾਂ ਨੂੰ ਬਾਹਰ ਵੇਖਿਆ। ਉਸ ਨੇ ਦੱਸਿਆ ਕਿ ਫਿਰ ਉਸ ਨੇ ਖਿੜਕੀ ਦੇ ਨੇੜੇ ਜਾ ਕੇ ਉਨ੍ਹਾਂ ਦੋ ਵਿਅਕਤੀਆਂ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਪਰ ਜਿਵੇਂ ਹੀ ਉਹ ਖਾਣਾ ਬਣਾਉਣ ਲਈ ਪਰਤਿਆ ਤਾਂ ਉਸ ਨੂੰ ਕਈ ਗੋਲੀਆਂ ਵੱਜੀਆਂ।
ਸਥਾਨਕ ਵਿਅਕਤੀ ਨੇ ਦੱਸਿਆ ਕਿ ਜ਼ਖਮੀ ਵਿਅਕਤੀ 8 ਸਾਲ ਤੋਂ ਇਸ ਘਰ 'ਚ ਰਹਿ ਰਿਹਾ ਸੀ। ਅਜੇ ਤੱਕ ਕਿਸੇ ਮਸਕੂਕ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।