ਅਫਗਾਨਿਸਤਾਨ ''ਚ ਭਾਰਤੀਆਂ ''ਤੇ ਆਤਮਘਾਤੀ ਹਮਲੇ ਕਰਨ ਵਾਲੇ ਜੇਹਾਦੀ ਕਮਾਂਡਰ ਏਜਾਜ਼ ਨੂੰ ਉਤਾਰਿਆ ਮੌਤ ਦੇ ਘਾਟ

02/22/2023 11:50:01 PM

ਇੰਟਰਨੈਸ਼ਨਲ ਡੈਸਕ : ਅਫਗਾਨਿਸਤਾਨ 'ਚ ਤਾਲਿਬਾਨ ਨੇ ਭਾਰਤੀਆਂ 'ਤੇ ਆਤਮਘਾਤੀ ਹਮਲੇ ਕਰਨ ਵਾਲੇ ਅੱਤਵਾਦੀ ਜੇਹਾਦੀ ਕਮਾਂਡਰ ਏਜਾਜ਼ ਅਹਿਮਦ ਨੂੰ ਮਾਰ ਦਿੱਤਾ ਹੈ। ਕਸ਼ਮੀਰ ਵਿੱਚ ਪੈਦਾ ਹੋਇਆ ਏਜਾਜ਼ ਅਹਿਮਦ ਇਸਲਾਮਿਕ ਸਟੇਟ ਲਈ ਕੰਮ ਕਰਦਾ ਸੀ। ਉਹ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਅਤੇ ਜਲਾਲਾਬਾਦ 'ਚ ਭਾਰਤੀ ਲੋਕਾਂ 'ਤੇ ਆਤਮਘਾਤੀ ਹਮਲੇ ਕਰਦਾ ਸੀ। ਭਾਰਤੀ ਖੁਫੀਆ ਏਜੰਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਵੀ ਏਜਾਜ਼ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਏਜਾਜ਼ ਸ਼੍ਰੀਨਗਰ ਦਾ ਵਸਨੀਕ ਸੀ ਅਤੇ ਜਨਵਰੀ ਵਿੱਚ ਗ੍ਰਹਿ ਮੰਤਰਾਲੇ ਵੱਲੋਂ ਉਸ ਨੂੰ ਅੱਤਵਾਦੀ ਐਲਾਨਿਆ ਗਿਆ ਸੀ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਅੱਤਵਾਦੀ ਹਮਲਿਆਂ ਨੂੰ ਕਵਰ ਕਰਨ ਵਾਲੇ ਟੀਵੀ ਚੈਨਲਾਂ 'ਤੇ ਲੱਗੀ ਪਾਬੰਦੀ

ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਦੀ ਕਾਰਵਾਈ 'ਚ ਇਸ ਅੱਤਵਾਦੀ ਦੀ ਮੌਤ ਹੋ ਗਈ ਹੈ। ਭਾਰਤ ਨੇ ਇਹ ਸਾਰਾ ਮਾਮਲਾ ਤਾਲਿਬਾਨ ਕੋਲ ਉਠਾਇਆ ਸੀ। ਏਜਾਜ਼ ਆਪਣੀ ਪਤਨੀ ਨਾਲ ਅਫਗਾਨਿਸਤਾਨ ਵਿੱਚ ਕੈਦ ਸੀ ਪਰ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ। ਪਾਕਿਸਤਾਨੀ ਸੂਤਰਾਂ ਨੇ ਦੱਸਿਆ ਕਿ ਏਜਾਜ਼ ਅਫਗਾਨਿਸਤਾਨ 'ਚ ਜਿਸ ਘਰ 'ਤੇ ਕਬਜ਼ਾ ਕਰਨ ਤੋਂ ਬਾਅਦ ਰਹਿੰਦਾ ਸੀ, ਉਹ ਅਜੇ ਤੱਕ ਬੰਦ ਹੈ। ਏਜਾਜ਼ ਬਚਪਨ ਵਿੱਚ ਪੀਓਕੇ ਚਲਾ ਗਿਆ ਸੀ ਅਤੇ ਹਰਕਤ-ਉਲ-ਮੁਜਾਹਿਦੀਨ ਵਿੱਚ ਸ਼ਾਮਲ ਹੋ ਗਿਆ ਸੀ। ਉਸ ਨੇ ਪਾਕਿਸਤਾਨ 'ਚ ਅੱਤਵਾਦੀ ਸਿਖਲਾਈ ਲਈ ਸੀ।

ਇਹ ਵੀ ਪੜ੍ਹੋ : ਯੂਰਪੀ ਸੰਸਦ ਮੈਂਬਰਾਂ ਨੇ ਚੀਨ ਦੇ ਚੁੰਗਲ ਤੋਂ ਤਿੱਬਤ ਦੀ ਆਜ਼ਾਦੀ ਲਈ ਬੁਲੰਦ ਕੀਤੀ ਆਵਾਜ਼

ਮੀਡੀਆ ਰਿਪੋਰਟਾਂ ਮੁਤਾਬਕ ਏਜਾਜ਼ ਦੀ ਭੈਣ ਫਹਿਮੀਦਾ ਸ਼ਫੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਅਧਿਕਾਰੀਆਂ ਨੇ ਅੱਤਵਾਦੀ ਦੇ ਮਾਰੇ ਜਾਣ ਦੀ ਸੂਚਨਾ ਦਿੱਤੀ ਹੈ। ਫਹਿਮੀਦਾ ਨੇ ਕਿਹਾ, 'ਪੁਲਸ ਨੇ ਕੁਝ ਦਿਨ ਪਹਿਲਾਂ ਉਸ ਦੇ ਛੋਟੇ ਭਰਾ ਨੂੰ ਬੁਲਾ ਕੇ ਇਹ ਜਾਣਕਾਰੀ ਦਿੱਤੀ ਸੀ। ਮੈਨੂੰ ਨਹੀਂ ਪਤਾ ਕਿ ਇਹ ਸੱਚ ਹੈ ਜਾਂ ਨਹੀਂ ਪਰ ਮੈਂ ਉਦੋਂ ਤੋਂ ਹੀ ਰੋ ਰਹੀ ਹਾਂ।' ਜੰਮੂ-ਕਸ਼ਮੀਰ ਪੁਲਸ ਨੇ ਇਸ ਮੌਤ 'ਤੇ ਕੋਈ ਬਿਆਨ ਨਹੀਂ ਦਿੱਤਾ। ਖੁਫੀਆ ਸੂਤਰਾਂ ਨੇ ਕਿਹਾ ਕਿ ਏਜਾਜ਼ ਨੂੰ ਸ਼ਾਇਦ ਤਾਲਿਬਾਨ ਨੇ ਆਈਐੱਸਆਈਐੱਸ ਦੇ ਖ਼ਿਲਾਫ਼ ਇਕ ਆਪ੍ਰੇਸ਼ਨ ਵਿੱਚ ਮਾਰਿਆ ਸੀ।

ਇਹ ਵੀ ਪੜ੍ਹੋ : ਇਸਰਾਈਲ ’ਚ ਸਰਕਾਰ ਨੂੰ ਜੱਜ ਚੁਣਨ ਦਾ ਮਿਲੇਗਾ ਅਧਿਕਾਰ, ਵਿਵਾਦਿਤ ਕਾਨੂੰਨੀ ਸੁਧਾਰ ਨੂੰ ਸੰਸਦ ਦੀ ਹਰੀ ਝੰਡੀ

ਤਾਲਿਬਾਨ ਨੇ ਹਾਲ ਹੀ 'ਚ ਦੱਖਣੀ ਅਫਗਾਨਿਸਤਾਨ ਵਿੱਚ ਸਥਿਤ ਕੁਨਾਰ ਇਲਾਕੇ 'ਚ ISIS ਖ਼ਿਲਾਫ਼ ਜ਼ੋਰਦਾਰ ਕਾਰਵਾਈ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਤਾਲਿਬਾਨ ਨਾਲ ਹੋਈ ਬੈਠਕ 'ਚ ਭਾਰਤੀ ਅਧਿਕਾਰੀਆਂ ਨੇ ਕਸ਼ਮੀਰੀ ਅੱਤਵਾਦੀ ਏਜਾਜ਼ ਦੀ ਅਫਗਾਨਿਸਤਾਨ 'ਚ ਸਰਗਰਮੀ ਦਾ ਮੁੱਦਾ ਤਾਲਿਬਾਨ ਕੋਲ ਉਠਾਇਆ ਸੀ। ਦੱਸ ਦੇਈਏ ਕਿ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਹਾਲ ਹੀ ਦੇ ਮਹੀਨਿਆਂ 'ਚ ਤਾਲਿਬਾਨ ਦੇ ਕਈ ਮੈਂਬਰਾਂ ਨੂੰ ਮਾਰ ਦਿੱਤਾ ਸੀ। ਇਸ ਨਾਲ ਤਾਲਿਬਾਨ ਤੇ ਆਈਐੱਸ ਵਿਚਾਲੇ ਜੰਗ ਸ਼ੁਰੂ ਹੋ ਗਈ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News