ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਦੇ ਖਾਣੇ 'ਚ ਮਿਲਾਇਆ ਗਿਆ 'ਟਾਇਲਟ ਕਲੀਨਰ' : ਬੁਲਾਰਾ
Thursday, Apr 25, 2024 - 04:01 PM (IST)
ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਦੇ ਬੁਲਾਰੇ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੇ ਇਫਤਾਰ ਭੋਜਨ ਵਿਚ 'ਟਾਇਲਟ ਕਲੀਨਰ' ਦੀਆਂ ਦੋ ਤੋਂ ਤਿੰਨ ਬੂੰਦਾਂ ਮਿਲਾਈਆਂ ਗਈਆਂ। ਉਨ੍ਹਾਂ ਦਾਅਵਾ ਕੀਤਾ ਕਿ ਕਲੀਨਰ ਕਥਿਤ ਤੌਰ 'ਤੇ 24 ਫਰਵਰੀ ਨੂੰ ਸ਼ਬ-ਏ-ਬਰਾਤ ਦੌਰਾਨ ਪਰੋਸੇ ਜਾਣ ਵਾਲੇ ਖਾਣੇ ਵਿੱਚ ਮਿਲਾਇਆ ਗਿਆ।
ਜੀਓ ਨਿਊਜ਼ ਨੇ ਬੁਸ਼ਰਾ ਬੀਬੀ ਦੇ ਬੁਲਾਰੇ ਮਸ਼ਾਲ ਯੂਸਫ਼ਜ਼ਈ ਦੇ ਹਵਾਲੇ ਨਾਲ ਕਿਹਾ, "ਸਾਨੂੰ ਪਤਾ ਲੱਗਾ ਹੈ ਕਿ ਬੁਸ਼ਰਾ ਬੀਬੀ ਦੇ ਇਫ਼ਤਾਰ ਖਾਣੇ ਵਿੱਚ 'ਟਾਇਲਟ ਕਲੀਨਰ' ਦੀਆਂ ਦੋ ਤੋਂ ਤਿੰਨ ਬੂੰਦਾਂ ਮਿਲਾਈਆਂ ਗਈਆਂ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਸ ਦਿਨ ਦੇ ਖਾਣੇ ਤੋ ਬਾਅਦ ਬੁਸ਼ਰਾ ਦੀ ਸਿਹਤ ਵਿਗੜਦੀ ਜਾ ਰਹੀ ਹੈ। ਬੁਲਾਰੇ ਨੇ ਕਿਹਾ ਕਿ ਗ੍ਰਿਫਤਾਰੀ ਤੋਂ ਪਹਿਲਾਂ ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਸਮੇਤ ਕੋਈ ਸਿਹਤ ਸਮੱਸਿਆ ਨਹੀਂ ਸੀ। ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ, ''ਬੁਸ਼ਰਾ ਬੀਬੀ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਰਹੀ ਹੈ, ਕੁਝ ਤਾਂ ਉਨ੍ਹਾਂ ਦੇ ਨਾਲ ਹੋਇਆ ਹੈ।''
ਬੁਸ਼ਰਾ ਅਤੇ ਇਮਰਾਨ ਖਾਨ ਦੇ ਵਿਆਹ ਨੂੰ ਫਰਵਰੀ 'ਚ 'ਗੈਰ-ਇਸਲਾਮਿਕ ਵਿਆਹ' ਕਰਾਰ ਦਿੱਤਾ ਗਿਆ ਸੀ ਅਤੇ ਦੋ ਵੱਖ-ਵੱਖ ਮਾਮਲਿਆਂ 'ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਗਾਲਾ ਸਥਿਤ ਆਪਣੇ ਘਰ 'ਚ ਬੰਦ ਕਰ ਦਿੱਤਾ ਗਿਆ ਹੈ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਦੇ ਸਲਾਹਕਾਰ ਯੂਸਫਜ਼ਈ ਨੇ ਸਵਾਲ ਕੀਤਾ ਕਿ ਅਦਾਲਤ ਨੇ ਅਜਿਹਾ ਕਿਉਂ ਨਹੀਂ ਕੀਤਾ ਜਦੋਂ ਅਦਾਲਤ ਤਿੰਨ ਹਫ਼ਤਿਆਂ ਤੋਂ ਬੁਸ਼ਰਾ ਦੀ ਮੈਡੀਕਲ ਜਾਂਚ ਕਰਵਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦੇ ਰਹੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਬੁਸ਼ਰਾ ਬੀਬੀ ਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਹ ਇਮਰਾਨ ਖਾਨ ਦੀ ਪਤਨੀ ਹੈ।