ਕੈਨੇਡਾ : ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਤੋੜਨ ਵਾਲੇ 3 ਰੈਸਟੋਰੈਂਟ ਕੀਤੇ ਗਏ ਬੰਦ
Sunday, Sep 27, 2020 - 05:25 PM (IST)
ਟੋਰਾਂਟੋ- ਕੋਰੋਨਾ ਵਾਇਰਸ ਦਾ ਦੂਜਾ ਦੌਰ ਝੱਲ ਰਿਹਾ ਕੈਨੇਡਾ ਪਾਬੰਦੀਆਂ ਵਿਚ ਸਖਤੀਆਂ ਕਰ ਰਿਹਾ ਹੈ। ਟੋਰਾਂਟੋ ਸਿਹਤ ਅਧਿਕਾਰੀਆਂ ਨੇ ਕੁਝ ਬਾਰਜ਼ ਤੇ ਰੈਸਟੋਰੈਂਟਾਂ ਵਲੋਂ ਕੋਰੋਨਾ ਪਾਬੰਦੀਆਂ ਤੋੜਨ ਦੀ ਹਰਕਤ 'ਤੇ ਚਾਨਣਾ ਪਾਇਆ ਹੈ। ਉਨ੍ਹਾਂ ਦੱਸਿਆ ਕਿ ਕੁਝ ਬਾਰਜ਼ ਤੇ ਰੈਸਟੋਰੈਂਟ ਲੋਕਾਂ ਦੀ ਜਾਨ ਖਤਰੇ ਵਿਚ ਪਾਉਣ ਵਾਲੇ ਕੰਮ ਕਰ ਰਹੇ ਹਨ। ਇਸੇ ਕਾਰਨ ਟੋਰਾਂਟੋ ਦੇ 3 ਕਿੰਗ ਸਟਰੀਟ ਰੈਸਟੋਰੈਂਟਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਦੋਸ਼ ਹੈ ਕਿ ਇਨ੍ਹਾਂ ਨੇ ਕੋਰੋਨਾ ਪਾਬੰਦੀਆਂ ਦੀ ਉਲੰਘਣਾ ਕੀਤੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਕੁਝ ਕੋਰੋਨਾ ਪੀੜਤ ਸਟਾਫ ਮੈਂਬਰ ਇੱਥੇ ਕੰਮ ਕਰ ਰਹੇ ਸਨ, ਇਸ ਤਰ੍ਹਾਂ ਉਹ ਦੂਜਿਆਂ ਲਈ ਖਤਰਾ ਖੜ੍ਹਾ ਕਰ ਰਹੇ ਸਨ। ਇਹ ਵੀ ਸ਼ੱਕ ਹੈ ਕਿ ਕਾਮਿਆਂ ਨੂੰ ਬੀਮਾਰ ਹੋਣ ਦੇ ਬਾਵਜੂਦ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਸੀ।
ਮੈਡੀਕਲ ਅਧਿਕਾਰੀ ਡਾ. ਐਲਨ ਡੀ ਵਿਲਾ ਨੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਦਿਆਂ ਦੱਸਿਆ ਕਿ ਇਸ ਤਰ੍ਹਾਂ ਭੀੜ ਇਕੱਠੀ ਕਰਨੀ ਬਹੁਤ ਗਲਤ ਹੈ ਕਿਉਂਕਿ ਕਈ ਲੋਕ ਕੋਰੋਨਾ ਦੇ ਸ਼ਿਕਾਰ ਹੋ ਰਹੇ ਹਨ। ਕੈਨੇਡਾ ਦੇ ਓਂਟਾਰੀਓ ਸੂਬੇ ਵਿਚ ਪਹਿਲਾਂ ਹੀ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਅਜਿਹੇ ਵਿਚ ਜਦ ਰੈਸਟੋਰੈਂਟਾਂ ਵਿਚ ਸਮਾਜਕ ਦੂਰੀ ਤੇ ਮਾਸਕ ਪਾਉਣ ਵਰਗੀਆਂ ਪਾਬੰਦੀਆਂ ਦੀ ਅਣਗਹਿਲੀ ਕੀਤੀ ਜਾਂਦੀ ਹੈ ਤਾਂ ਇਸ ਤਰ੍ਹਾਂ ਕੋਰੋਨਾ ਵਾਇਰਸ ਨੂੰ ਸੱਦਾ ਦਿੱਤਾ ਜਾਂਦਾ ਹੈ।