ਪਾਕਿ 'ਚ 3 ਹਿੰਦੂ ਭੈਣਾਂ ਦਾ ਅਗਵਾ ਮਗਰੋਂ ਧਰਮ ਪਰਿਵਰਤਨ, ਜ਼ਬਰਨ ਮੁਸਲਿਮ ਵਿਅਕਤੀਆਂ ਨਾਲ ਕਰਾਇਆ ਵਿਆਹ

07/21/2023 4:56:04 PM

ਕਰਾਚੀ (ਭਾਸ਼ਾ)- ਪਾਕਿਸਤਾਨ ਦੇ ਸਿੰਧ ਸੂਬੇ ਵਿਚ ਰਹਿਣ ਵਾਲੇ ਇਕ ਹਿੰਦੂ ਉਦਯੋਗਪਤੀ ਦੀਆਂ 3 ਧੀਆਂ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਾਇਆ ਗਿਆ ਅਤੇ ਫਿਰ ਉਨ੍ਹਾਂ ਦਾ ਵਿਆਹ ਮੁਸਲਿਮ ਪੁਰਸ਼ਾਂ ਨਾਲ ਕਰਵਾ ਦਿੱਤਾ ਗਿਆ। ਦੇਸ਼ ਵਿੱਚ ਘੱਟ ਗਿਣਤੀਆਂ ਦੇ ਅਧਿਕਾਰਾਂ ਲਈ ਕੰਮ ਕਰ ਰਹੀ ਇੱਕ ਸਿਖਰਲੀ ਸੰਸਥਾ ਨੇ ਇਹ ਜਾਣਕਾਰੀ ਦਿੱਤੀ ਹੈ। ਪਾਕਿਸਤਾਨ ਦੇ ਦਰੇਵਾਰ ਇਤੇਹਾਦ ਦੇ ਮੁਖੀ ਸ਼ਿਵ ਕਾਚੀ ਨੇ ਦੱਸਿਆ ਕਿ ਇਹ ਘਟਨਾ ਸਿੰਧ ਸੂਬੇ ਦੇ ਧਾਰਕੀ ਇਲਾਕੇ 'ਚ ਵਾਪਰੀ। ਉਨ੍ਹਾਂ ਕਿਹਾ ਕਿ ਹਿੰਦੂ ਉਦਯੋਗਪਤੀ ਲੀਲਾਰਾਮ ਦੀਆਂ ਧੀਆਂ ਚਾਂਦਨੀ, ਰੋਸ਼ਨੀ ਅਤੇ ਪਰਮੀਸ਼ ਕੁਮਾਰੀ ਨੂੰ ਪਹਿਲਾਂ ਅਗਵਾ ਕੀਤਾ ਗਿਆ ਅਤੇ ਫਿਰ ਜ਼ਬਰਦਸਤੀ ਇਸਲਾਮ ਕਬੂਲ ਕਰਾਇਆ ਗਿਆ।

ਉਨ੍ਹਾਂ ਕਿਹਾ, “ਇਹ ਧਰਮ ਪਰਿਵਰਤਨ ਪੀਰ ਜਾਵੇਦ ਅਹਿਮਦ ਕਾਦਰੀ ਨੇ ਕਰਵਾਇਆ ਸੀ ਅਤੇ ਫਿਰ ਉਨ੍ਹਾਂ ਕੁੜੀਆਂ ਦਾ ਮੁਸਲਿਮ ਵਿਅਕਤੀਆਂ ਨਾਲ ਵਿਆਹ ਕਰਵਾ ਦਿੱਤਾ ਗਿਆ।” ਕਾਚੀ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਦੇ ਪਲੇਟਫਾਰਮ ਤੋਂ ਵਾਰ-ਵਾਰ ਅਪੀਲਾਂ ਅਤੇ ਬੇਨਤੀਆਂ ਦੇ ਬਾਵਜੂਦ ਹਿੰਦੂ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਜਾਰੀ ਹੈ ਅਤੇ ਪੁਲਸ ਅਤੇ ਪ੍ਰਸ਼ਾਸਨ ਦੋਸ਼ੀਆਂ ਨੂੰ ਨਹੀਂ ਫੜ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਿੰਨਾਂ ਭੈਣਾਂ ਦਾ ਵਿਆਹ ਉਨ੍ਹਾਂ ਵਿਅਕਤੀਆਂ ਨਾਲ ਕਰਾਇਆ ਗਿਆ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਅਗਵਾ ਕੀਤਾ ਸੀ। ਕਾਚੀ ਨੇ ਦਾਅਵਾ ਕੀਤਾ ਕਿ ਸੀਮਾ ਹੈਦਰ ਨਾਲ ਜੁੜੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਹਿੰਦੂ ਭਾਈਚਾਰੇ 'ਤੇ ਹਮਲਿਆਂ ਦੀਆਂ ਘਟਨਾਵਾਂ ਵਧ ਗਈਆਂ ਹਨ। ਪਾਕਿਸਤਾਨ ਦੀ ਰਹਿਣ ਵਾਲੀ ਅਤੇ ਚਾਰ ਬੱਚਿਆਂ ਦੀ ਮਾਂ ਸੀਮਾ ਹੈਦਰ ਗੁਪਤ ਤਰੀਕੇ ਨਾਲ ਭਾਰਤ ਵਿੱਚ ਦਾਖਲ ਹੋਈ ਸੀ ਤਾਂ ਜੋ ਉਹ ਸਚਿਨ ਮੀਨਾ ਨਾਮ ਦੇ ਇੱਕ ਹਿੰਦੂ ਵਿਅਕਤੀ ਨਾਲ ਰਹਿ ਸਕੇ। ਦੋਵਾਂ ਦੀ ਦੋਸਤੀ ਇਕ ਆਨਲਾਈਨ ਗੇਮਿੰਗ ਐਪ ਰਾਹੀਂ ਹੋਈ ਸੀ।


cherry

Content Editor

Related News