New York ਦੇ ਹਸਪਤਾਲਾਂ 'ਚ ਮਚੀ ਹਾਹਾਕਾਰ! ਸੜਕਾਂ 'ਤੇ ਉਤਰੇ 15,000 ਸਿਹਤ ਕਰਮਚਾਰੀ, ਸੇਵਾਵਾਂ ਪ੍ਰਭਾਵਿਤ

Monday, Jan 12, 2026 - 05:08 PM (IST)

New York ਦੇ ਹਸਪਤਾਲਾਂ 'ਚ ਮਚੀ ਹਾਹਾਕਾਰ! ਸੜਕਾਂ 'ਤੇ ਉਤਰੇ 15,000 ਸਿਹਤ ਕਰਮਚਾਰੀ, ਸੇਵਾਵਾਂ ਪ੍ਰਭਾਵਿਤ

ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਸਿਹਤ ਸੇਵਾਵਾਂ ਨੂੰ ਲੈ ਕੇ ਵੱਡਾ ਸੰਕਟ ਪੈਦਾ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਨਿਊਯਾਰਕ ਦੇ ਕਈ ਪ੍ਰਮੁੱਖ ਹਸਪਤਾਲਾਂ ਵਿੱਚ ਲਗਭਗ 15,000 ਨਰਸਾਂ ਨੇ ਸੋਮਵਾਰ ਸਵੇਰੇ 6 ਵਜੇ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਹ ਫੈਸਲਾ ਹਫਤੇ ਦੇ ਅੰਤ ਵਿੱਚ ਹਸਪਤਾਲ ਪ੍ਰਬੰਧਕਾਂ ਅਤੇ ਨਰਸਾਂ ਦੀ ਯੂਨੀਅਨ ਵਿਚਕਾਰ ਹੋਈ ਗੱਲਬਾਤ ਦੇ ਨਾਕਾਮ ਰਹਿਣ ਤੋਂ ਬਾਅਦ ਲਿਆ ਗਿਆ ਹੈ।

ਇਨ੍ਹਾਂ ਹਸਪਤਾਲਾਂ 'ਚ ਮਚੀ ਹਾਹਾਕਾਰ
ਇਸ ਹੜਤਾਲ ਕਾਰਨ ਮਾਊਂਟ ਸਿਨਾਈ (The Mount Sinai Hospital), ਨਿਊਯਾਰਕ-ਪ੍ਰੈਸਬੀਟੇਰੀਅਨ ਅਤੇ ਮੌਂਟੇਫਿਓਰ ਮੈਡੀਕਲ ਸੈਂਟਰ (Montefiore Medical Centre) ਵਰਗੇ ਵੱਡੇ ਹਸਪਤਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਮਾਹਿਰਾਂ ਅਨੁਸਾਰ, ਫਲੂ ਦੇ ਇਸ ਗੰਭੀਰ ਸੀਜ਼ਨ ਦੌਰਾਨ ਹੜਤਾਲ ਹੋਣ ਕਾਰਨ ਹਸਪਤਾਲਾਂ ਨੂੰ ਮਰੀਜ਼ਾਂ ਨੂੰ ਦੂਜੇ ਸੈਂਟਰਾਂ ਵਿੱਚ ਭੇਜਣ, ਐਂਬੂਲੈਂਸਾਂ ਦੇ ਰਸਤੇ ਬਦਲਣ ਅਤੇ ਕਈ ਅਪਰੇਸ਼ਨ ਰੱਦ ਕਰਨ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ। ਹਾਲਾਂਕਿ, ਹਸਪਤਾਲਾਂ ਨੇ ਕੰਮ ਚਲਾਉਣ ਲਈ ਆਰਜ਼ੀ ਨਰਸਾਂ ਦੀ ਭਰਤੀ ਕੀਤੀ ਹੈ।

ਕੀ ਹਨ ਮੁੱਖ ਮੰਗਾਂ ਅਤੇ ਵਿਵਾਦ?
ਨਿਊਯਾਰਕ ਸਟੇਟ ਨਰਸਿਜ਼ ਐਸੋਸੀਏਸ਼ਨ ਅਨੁਸਾਰ, ਨਰਸਾਂ ਕਈ ਅਹਿਮ ਮੁੱਦਿਆਂ 'ਤੇ ਸੰਘਰਸ਼ ਕਰ ਰਹੀਆਂ ਹਨ।
• ਸਟਾਫ ਦੀ ਕਮੀ: ਨਰਸਾਂ ਦਾ ਦੋਸ਼ ਹੈ ਕਿ ਹਸਪਤਾਲਾਂ ਨੇ ਉਨ੍ਹਾਂ 'ਤੇ ਕੰਮ ਦਾ ਅਸਹਿ ਬੋਝ ਪਾਇਆ ਹੋਇਆ ਹੈ, ਜਿਸ ਕਾਰਨ ਮਰੀਜ਼ਾਂ ਦੀ ਦੇਖਭਾਲ ਪ੍ਰਭਾਵਿਤ ਹੋ ਰਹੀ ਹੈ।
• ਸੁਰੱਖਿਆ ਦੇ ਪੁਖਤਾ ਪ੍ਰਬੰਧ: ਪਿਛਲੇ ਦਿਨੀਂ ਬਰੁਕਲਿਨ ਦੇ ਇੱਕ ਹਸਪਤਾਲ ਵਿੱਚ ਵਾਪਰੀ ਹਿੰਸਕ ਘਟਨਾ ਤੋਂ ਬਾਅਦ, ਨਰਸਾਂ ਕੰਮ ਵਾਲੀ ਥਾਂ 'ਤੇ ਬਿਹਤਰ ਸੁਰੱਖਿਆ ਦੀ ਮੰਗ ਕਰ ਰਹੀਆਂ ਹਨ।
• AI ਦੀ ਵਰਤੋਂ 'ਤੇ ਰੋਕ: ਯੂਨੀਅਨ ਚਾਹੁੰਦੀ ਹੈ ਕਿ ਹਸਪਤਾਲਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ 'ਤੇ ਸੀਮਾ ਤੈਅ ਕੀਤੀ ਜਾਵੇ।

ਸਰਕਾਰ ਨੇ ਜਤਾਈ ਚਿੰਤਾ
ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਅਤੇ ਗਵਰਨਰ ਕੈਥੀ ਹੋਚੁਲ ਨੇ ਇਸ ਸਥਿਤੀ 'ਤੇ ਚਿੰਤਾ ਪ੍ਰਗਟਾਈ ਹੈ। ਮੇਅਰ ਮਮਦਾਨੀ ਨੇ ਕਿਹਾ ਕਿ ਨਰਸਾਂ ਦੀ ਵੈਲਯੂ (ਕੀਮਤ) ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਨ੍ਹਾਂ ਨੇ ਔਖੇ ਸਮੇਂ ਵਿੱਚ ਸ਼ਹਿਰ ਨੂੰ ਜ਼ਿੰਦਾ ਰੱਖਿਆ ਹੈ, ਪਰ ਹਸਪਤਾਲਾਂ ਦਾ ਚੱਲਣਾ ਵੀ ਬੇਹੱਦ ਜ਼ਰੂਰੀ ਹੈ।

ਪਹਿਲਾਂ ਵੀ ਹੋ ਚੁੱਕੀ ਹੈ ਹੜਤਾਲ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2023 'ਚ ਵੀ ਨਰਸਾਂ ਨੇ ਹੜਤਾਲ ਕੀਤੀ ਸੀ, ਜੋ ਤਿੰਨ ਦਿਨ ਚੱਲੀ ਸੀ। ਉਸ ਸਮੇਂ ਤਨਖਾਹਾਂ ਵਿੱਚ 19 ਫੀਸਦੀ ਵਾਧੇ ਅਤੇ ਸਟਾਫ ਵਿੱਚ ਸੁਧਾਰ ਦਾ ਵਾਅਦਾ ਹੋਇਆ ਸੀ, ਪਰ ਹੁਣ ਯੂਨੀਅਨ ਦਾ ਕਹਿਣਾ ਹੈ ਕਿ ਹਸਪਤਾਲ ਆਪਣੇ ਵਾਅਦਿਆਂ ਤੋਂ ਪਿੱਛੇ ਹਟ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News