ਜਪਾਨ ਦੇ ਇਸ ਸ਼ਹਿਰ ਨੇ ਕਰ 'ਤੀ ਕਮਾਲ, ਕਲਾਕਾਰੀ ਵੇਖ ਕਹੋਗੇ ਵਾਹ

Wednesday, Jul 17, 2019 - 01:52 AM (IST)

ਟੋਕੀਓ (ਏਜੰਸੀ)- ਪ੍ਰਦੂਸ਼ਣ ਅੱਜ ਦੁਨੀਆ ਦੀ ਵੱਡੀ ਸਮੱਸਿਆ ਬਣਿਆ ਹੋਇਆ ਹੈ। ਰੋਜ਼ਾਨਾ ਕਿੰਨਾ ਹੀ ਕੂੜਾ, ਨਦੀਆਂ, ਨਾਲਿਆਂ ਦੇ ਨਾਲ ਸਮੁੰਦਰ ਤੇ ਧਰਤੀ 'ਚ ਦਫਨ ਹੋ ਰਿਹਾ ਹੈ ਤੇ ਪ੍ਰਦੂਸ਼ਣ ਦਾ ਕਾਰਨ ਬਣ ਰਿਹਾ ਹੈ। ਵਿਗਿਆਨਕ ਵੀ ਲਗਾਤਾਰ ਸਾਨੂੰ ਚਿਤਾਵਨੀ ਦੇ ਰਹੇ ਹਨ ਕਿ ਹੁਣ ਨਹੀਂ ਜਾਗੇ ਤਾਂ ਬਹੁਤ ਦੇਰ ਹੋ ਜਾਵੇਗੀ। ਉਥੇ ਹੀ ਜਾਪਾਨ ਦੇ ਦੂਰ-ਦੁਰਾਡੇ ਵਾਲੇ ਇਲਾਕਿਆਂ 'ਚ ਵਸਿਆ ਕਮਿਕਾਤਸੂ ਸ਼ਹਿਰ ਇਸ ਸਮੱਸਿਆ ਤੋਂ ਬੇਫਿਕਰ ਹੈ ਕਿਉਂਕਿ ਇਥੇ ਵੇਸਟ ਮਟੀਰੀਅਲ ਨੂੰ ਕੂੜੇ 'ਚ ਸੁੱਟਿਆ ਨਹੀਂ ਜਾਂਦਾ ਸਗੋਂ ਉਸ ਨੂੰ ਰੀਸਾਈਕਲ ਕਰਕੇ ਸੁੱਚਜੀ ਵਰਤੋਂ ਕੀਤੀ ਜਾਂਦੀ ਹੈ। ਉਦਾਹਰਣ ਹੈ ਰਾਇਜ਼ ਐਂਡ ਵਿਨ ਬ੍ਰਿਵਿੰਗ ਨਾਂ ਦਾ ਇਹ ਪੱਬ, ਜਿਸ ਨੂੰ ਵੇਖ ਕੇ ਕਮਿਕਾਤਸੂ ਆਉਣ ਵਾਲੇ ਲੋਕ ਹੈਰਾਨ ਰਹਿ ਜਾਂਦੇ ਹਨ।

ਰਾਇਜ਼ ਐਂਡ ਵਿਨ ਬ੍ਰਿਵਿੰਗ ਨਾਂ ਦਾ ਇਹ ਪੱਬ ਇਥੇ ਆਉਣ ਵਾਲੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਰੱਦੀ ਅਖਬਾਰਾਂ, ਪੁਰਾਣੀਆਂ ਬੋਤਲਾਂ ਤੇ ਬਿਲਡਿੰਗ ਦੀਆਂ ਖਰਾਬ ਟਾਇਲਾਂ ਭਾਵ ਵੇਸਟ ਮਟੀਰੀਅਲ ਨੂੰ ਰੀਸਾਈਕਲ ਕਰਕੇ ਬਣਾਈ ਗਈ ਇਹ ਬਿਲਡਿੰਗ ਦੂਰੋਂ ਹੀ ਖੂਬਸੂਰਤ ਲਗਦੀ ਹੈ। ਦਰਅਸਲ ਇਸ ਸ਼ਹਿਰ 'ਚ ਵੇਸਟ ਮਟੀਰੀਅਲ ਨੂੰ ਰੀਸਾਈਕਲ ਕਰਕੇ ਇਸਤੇਮਾਲ ਕਰਨ ਦੀ ਕਵਾਇਦ 2003 ਤੋਂ ਸ਼ੁਰੂ ਹੋਈ ਤੇ ਉਸ ਸਮੇਂ ਸ਼ਹਿਰ ਦੇ 80 ਫੀਸਦੀ ਕੂੜੇ ਨੂੰ ਰੀਸਾਈਕਲ ਕਰਕੇ ਇਸਤੇਮਾਲ ਕੀਤਾ ਜਾਣ ਲੱਗਾ।

ਇਥੋਂ ਦੇ ਲੋਕ ਘਰਾਂ 'ਚੋਂ ਨਿਕਲਣ ਵਾਲੇ ਕੂੜੇ ਨੂੰ 34 ਹਿੱਸਿਆ 'ਚ ਵੰਡ ਕੇ ਰੱਖਦੇ ਹਨ। ਇਸ ਮੁਹਿੰਮ ਦੀ ਸ਼ੁਰੂਆਤ 'ਚ ਲੋਕਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਸਮੇਂ ਦੇ ਨਾਲ ਸਭ ਆਸਾਨ ਹੁੰਦਾ ਚਲਾ ਗਿਆ। ਫਿਲਹਾਲ ਇਸ ਸ਼ਹਿਰ 'ਚ 2020 ਤੱਕ ਜ਼ੀਰੋ ਫੀਸਦੀ ਕੂੜੇ ਦੇ ਨਿਪਟਾਰੇ ਦਾ ਟੀਚਾ ਰੱਖਿਆ ਗਿਆ ਹੈ। ਜਾਪਾਨ ਦਾ ਇਹ ਛੋਟਾ ਜਿਹਾ ਸ਼ਹਿਰ ਪੂਰੀ ਦੁਨੀਆ ਨੂੰ ਸੰਦੇਸ਼ ਦੇ ਰਿਹਾ ਹੈ ਕਿ ਕੁਝ ਵੀ ਵੇਸਟ ਨਹੀਂ ਹੁੰਦਾ। ਸਿਰਫ ਵੇਸਟ ਮਟੀਰੀਅਲ ਨੂੰ ਮੁੜ ਵਰਤੋਂ ਲਿਆਂਦਾ ਜਾ ਸਕਦਾ ਹੈ। ਸਗੋਂ ਇਸ ਨਾਲ ਪ੍ਰਦਸ਼ੂਣ ਦੀ ਸਮੱਸਿਆ 'ਤੇ ਵੀ ਠੱਲ੍ਹ ਪਾਈ ਜਾ ਸਕਦੀ ਹੈ। 


author

Sunny Mehra

Content Editor

Related News