ਬਰਤਾਨਵੀ ਸਾਹਿਤਕਾਰ ਸ਼ਿਵਚਰਨ ਸਿੰਘ ਗਿੱਲ ਨੂੰ ਤੀਜੀ ਬਰਸੀ ''ਤੇ ਕੀਤਾ ਯਾਦ

Saturday, May 23, 2020 - 11:59 PM (IST)

ਬਰਤਾਨਵੀ ਸਾਹਿਤਕਾਰ ਸ਼ਿਵਚਰਨ ਸਿੰਘ ਗਿੱਲ ਨੂੰ ਤੀਜੀ ਬਰਸੀ ''ਤੇ ਕੀਤਾ ਯਾਦ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਾਹਿਤ ਰਚਨਾ ਇਕ ਸਾਧਨਾ ਦਾ ਨਾਮ ਹੈ ਤੇ ਸਾਹਿਤਕਾਰ ਸਮਾਜ ਦੀ ਧਰੋਹਰ ਮੰਨੇ ਜਾਂਦੇ ਹਨ। ਆਪਣੇ ਆਪ ਨੂੰ ਸਾਹਿਤਕਾਰ ਮੰਨਣਾ ਤੇ ਸਮਾਜ ਵੱਲੋਂ ਸਾਹਿਤਕਾਰ ਹੋਣਾ ਪ੍ਰਵਾਨ ਕਰਨਾ ਦੋ ਵੱਖਰੇ ਵਿਚਾਰ ਹਨ। 1937 'ਚ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੂੰਮੀ 'ਚ ਜਨਮੇ ਸ਼ਿਵਚਰਨ ਸਿੰਘ ਗਿੱਲ ਜੀ 1964 'ਚ ਬਰਤਾਨੀਆ ਆਏ। ਉਹਨਾਂ ਨਾ ਸਿਰਫ ਸਾਹਿਤ ਜਗਤ ਵਿਚ ਆਪਣੀ ਭਰਵੀਂ ਹਾਜ਼ਰੀ ਲਗਵਾਈ ਸਗੋਂ 1972 ਤੋਂ 1996 ਤੱਕ ਅਧਿਆਪਕ ਵਜੋਂ ਵੀ ਸੇਵਾਵਾਂ ਨਿਭਾਈਆਂ। 2008 'ਚ ਉਹ ਲੇਬਰ ਪਾਰਟੀ ਵੱਲੋਂ ਕੌਂਸਲਰ ਦੀ ਚੋਣ ਜਿੱਤ ਕੇ ਸਰਗਰਮ ਸਿਆਸਤ ਦਾ ਹਿੱਸਾ ਬਣੇ।

PunjabKesari

ਪੰਜਾਬੀ ਸਾਹਿਤ ਦੀ ਝੋਲੀ ਡੇਢ ਦਰਜਨ ਦੇ ਕਰੀਬ ਪੁਸਤਕਾਂ ਪਾਉਣ ਦੇ ਨਾਲ-ਨਾਲ ਉਹਨਾਂ ਏ.ਐੱਸ. ਲੈਵਲ ਪੰਜਾਬੀ ਪਾਠ ਪੁਸਤਕ "ਮੇਰਾ ਸੰਸਾਰ" ਤੇ ਇੰਗਲੈਂਡ ਦੇ ਸਕੂਲਾਂ ਲਈ ਪੰਜਾਬੀ ਜੀ.ਸੀ.ਐੱਸ.ਈ. ਕੋਰਸ ਦੀ ਪੁਸਤਕ ਲਿਖਣ ਦਾ ਮਾਣ ਵੀ ਹਾਸਿਲ ਹੈ। ਉਹਨਾਂ ਦੀ ਅੱਜ ਤੀਜੀ ਬਰਸੀ 'ਤੇ ਜਗ ਬਾਣੀ ਰਾਹੀਂ ਉਹਨਾਂ ਦੀ ਸਪੁੱਤਰੀ ਸ਼ਿਵਦੇਵ ਗਿੱਲ ਢੇਸੀ, ਮੈਂਬਰ ਪਾਰਲੀਮੈਂਟ ਵੀਰੇਂਦਰ ਸ਼ਰਮਾ, ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੇ ਆਪਣੇ ਬਿਆਨ ਜ਼ਰੀਏ ਸ਼ਿਵਚਰਨ ਸਿੰਘ ਗਿੱਲ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਵੀਰੇਂਦਰ ਸ਼ਰਮਾ ਤੇ ਜੱਗੀ ਕੁੱਸਾ ਨੇ ਉਹਨਾਂ ਨੂੰ ਰਾਹ ਦਰਸਾਵਾ ਕਰਾਰ ਦਿੰਦਿਆਂ ਕਿਹਾ ਕਿ ਉਹਨਾਂ ਨੇ ਸ਼ਿਵਚਰਨ ਸਿੰਘ ਗਿੱਲ ਤੋਂ ਹਮੇਸ਼ਾ ਹੀ ਮਾਰਗ ਦਰਸ਼ਨ ਲਿਆ ਹੈ। ਉਹਨਾਂ ਵਿਚ ਇਹ ਖਾਸੀਅਤ ਸੀ ਕਿ ਉਹ ਹਰ ਵਕਤ ਸੰਭਵ ਮਦਦ ਲਈ ਤਿਆਰ ਰਹਿੰਦੇ ਸਨ।

PunjabKesari

ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਵੱਲੋਂ ਵੀ ਸ਼ਰਧਾਂਜਲੀ
ਸਾਊਥਾਲ ਸਥਿਤ ਪੰਜਾਬੀ ਸਾਹਿਤ ਕਲਾ ਕੇਂਦਰ ਦੀ ਪ੍ਰਧਾਨ ਸ਼ਾਇਰਾ ਕੁਲਵੰਤ ਕੌਰ ਢਿੱਲੋਂ ਤੇ ਸਾਥੀਆਂ ਵੱਲੋਂ ਵੀ ਸ਼ਿਵਚਰਨ ਸਿੰਘ ਗਿੱਲ ਨੂੰ ਉਹਨਾਂ ਦੀ ਤੀਜੀ ਬਰਸੀ 'ਤੇ ਯਾਦ ਕੀਤਾ ਗਿਆ। ਸ੍ਰੀਮਤੀ ਢਿੱਲੋਂ ਵੱਲੋਂ ਪ੍ਰੈੱਸ ਦੇ ਨਾਂ ਜਾਰੀ ਕੀਤੇ ਬਿਆਨ ਰਾਹੀਂ ਅਜੀਮ ਸੇਖਰ, ਯਸਵੀਰ ਸਾਥੀ, ਮਨਪ੍ਰੀਤ ਸਿੰਘ ਬਧਨੀ ਕਲਾਂ, ਮਨਜੀਤ ਕੌਰ ਪੱਡਾ, ਗੁਰਨਾਮ ਗਰੇਵਾਲ ਆਦਿ ਵੱਲੋਂ ਸ਼ਿਵਚਰਨ ਸਿੰਘ ਗਿੱਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉਹਨਾਂ ਕਿਹਾ ਕਿ ਸ਼ਿਵਚਰਨ ਸਿੰਘ ਗਿੱਲ ਆਪਣੀਆਂ ਲਿਖਤਾਂ ਰਾਹੀਂ ਪਾਠਕਾਂ ਦੇ ਦਿਲਾਂ 'ਚ ਹਮੇਸ਼ਾ ਵਸਦੇ ਰਹਿਣਗੇ।


author

Baljit Singh

Content Editor

Related News