ਵੱਡੀ ਖ਼ਬਰ: ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਨੋਟਿਸ ਜਾਰੀ
Wednesday, Dec 03, 2025 - 11:14 AM (IST)
ਚੰਡੀਗੜ੍ਹ: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ 17.62 ਲੱਖ ਰੁਪਏ ਦਾ ਰਿਕਵਰੀ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਨੰਗਲ ਟਾਊਨਸ਼ਿਪ ਕਾਲੋਨੀ ਵਿਚ ਬਿੱਟੂ ਦੇ ਨਾਂ 'ਤੇ ਅਲਾਟ ਕੀਤੇ ਗਏ ਦੋ ਮਕਾਨਾਂ 'ਤੇ ਬਿਨਾਂ ਇਜਾਜ਼ਤ ਕਬਜ਼ਾ ਰੱਖਣ ਦੇ ਦੋਸ਼ ਹੇਠ ਜਾਰੀ ਕੀਤਾ ਗਿਆ ਹੈ। ਇਹ ਮਕਾਨ ਬਿੱਟੂ ਨੂੰ ਉਦੋਂ ਅਲਾਟ ਕੀਤੇ ਗਏ ਸਨ ਜਦੋਂ ਉਹ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਇਕ ਮਕਾਨ ਅੱਜ ਵੀ ਕਾਂਗਰਸ ਪਾਰਟੀ ਦੇ ਦਫ਼ਤਰ ਵਜੋਂ ਵਰਤਿਆ ਜਾ ਰਿਹਾ ਹੈ।
ਸੂਤਰਾਂ ਮੁਤਾਬਕ ਮੰਤਰੀ ਬਿੱਟੂ ਨੂੰ ਮਕਾਨ ਖਾਲੀ ਕਰਨ ਲਈ ਕਈ ਵਾਰ ਨੋਟਿਸ ਭੇਜੇ ਗਏ ਸਨ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸ ਕਬਜ਼ੇ ਕਾਰਨ ਬੋਰਡ ਨੇ ਇਨ੍ਹਾਂ ਮਕਾਨਾਂ 'ਤੇ ਜੁਰਮਾਨਾ ਕਿਰਾਇਆ ਲਗਾਉਣਾ ਸ਼ੁਰੂ ਕਰ ਦਿੱਤਾ ਸੀ। ਕਿਰਾਇਆ ਨਾ ਚੁਕਾਏ ਜਾਣ ਕਾਰਨ ਹੁਣ ਬੋਰਡ ਨੇ 17.62 ਲੱਖ ਰੁਪਏ ਦੀ ਵਸੂਲੀ ਲਈ ਰਿਕਵਰੀ ਨੋਟਿਸ ਭੇਜਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੰਤਰੀ ਵੱਲੋਂ ਇਸ ਨੋਟਿਸ ਦਾ ਵੀ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ।
ਇਹ ਮਾਮਲਾ ਸਤੰਬਰ ਵਿਚ ਉਦੋਂ ਵੱਧ ਗਿਆ, ਜਦੋਂ ਖ਼ੁਲਾਸਾ ਹੋਇਆ ਕਿ ਨੰਗਲ ਦਾ ਕਾਂਗਰਸ ਦਫ਼ਤਰ ਹਾਲੇ ਵੀ ਬਿੱਟੂ ਦੇ ਨਾਂ 'ਤੇ ਰਜਿਸਟਰਡ ਹੈ। ਜ਼ਿਕਰਯੋਗ ਹੈ ਕਿ ਰਵਨੀਤ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ ਅਤੇ ਹੁਣ ਉਹ ਕੇਂਦਰ ਸਰਕਾਰ ਵਿਚ ਮੰਤਰੀ ਵੀ ਹਨ।
