ਰੂਸ ਲਈ ਨਵੀਂ ਚੁਣੌਤੀ, ਅਮਰੀਕਾ, ਆਸਟ੍ਰੇਲੀਆ ਸਮੇਤ ਇਨ੍ਹਾਂ ਦੇਸ਼ਾਂ ਨੇ ਯੂਕ੍ਰੇਨ ਨੂੰ ਭੇਜੇ ਸ਼ਕਤੀਸ਼ਾਲੀ ਹਥਿਆਰ

Monday, Feb 28, 2022 - 11:43 AM (IST)

ਰੂਸ ਲਈ ਨਵੀਂ ਚੁਣੌਤੀ, ਅਮਰੀਕਾ, ਆਸਟ੍ਰੇਲੀਆ ਸਮੇਤ ਇਨ੍ਹਾਂ ਦੇਸ਼ਾਂ ਨੇ ਯੂਕ੍ਰੇਨ ਨੂੰ ਭੇਜੇ ਸ਼ਕਤੀਸ਼ਾਲੀ ਹਥਿਆਰ

ਵਾਸ਼ਿੰਗਟਨ/ਸਿਡਨੀ (ਭਾਸ਼ਾ): ਰੂਸ ਵਿਰੁੱਧ ਚਲ ਰਹੇ ਯੁੱਧ ਵਿਚ ਯੂਕ੍ਰੇਨ ਦੀ ਮਦਦ ਲਈ ਕਈ ਦੇਸ਼ ਅੱਗੇ ਆਏ ਹਨ। ਇਹਨਾਂ ਵਿਚ ਆਸਟ੍ਰੇਲੀਆ, ਅਮਰੀਕਾ, ਬ੍ਰਿਟੇਨ, ਜਰਮਨੀ ਸਵੀਡਨ ਅਤੇ ਫਿਨਲੈਂਡ ਆਦਿ ਦੇਸ਼ ਸ਼ਾਮਲ ਹਨ। ਅਮਰੀਕਾ ਨੇ ਪਹਿਲੀ ਵਾਰ ਯੂਕ੍ਰੇਨ ਨੂੰ ਸਟਿੰਗਰ ਮਿਜ਼ਾਈਲਾਂ ਦੀ ਸਿੱਧੀ ਸਪਲਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਵ੍ਹਾਈਟ ਹਾਊਸ ਦੁਆਰਾ ਪ੍ਰਵਾਨਿਤ ਪੈਕੇਜ ਦਾ ਹਿੱਸਾ ਹੈ। ਹਾਲੇ ਇਹ ਪਤਾ ਨਹੀਂ ਹੈ ਕਿ ਸਪਲਾਈ ਕਦੋਂ ਕੀਤੀ ਜਾਵੇਗੀ ਪਰ ਅਧਿਕਾਰੀਆਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਅਮਰੀਕਾ ਖੇਪ ਦੀ ਡਿਲਿਵਰੀ ਦੇ ਪ੍ਰਬੰਧ 'ਤੇ ਕੰਮ ਕਰ ਰਿਹਾ ਹੈ। ਇਸ ਤੋਂ ਪਹਿਲਾਂ ਜਰਮਨੀ ਨੇ ਐਲਾਨ ਕੀਤਾ ਸੀ ਕਿ ਉਹ ਯੂਕ੍ਰੇਨ ਨੂੰ 500 ਸਟਿੰਗਰ ਮਿਜ਼ਾਈਲਾਂ ਅਤੇ ਹੋਰ ਹਥਿਆਰਾਂ ਦੀ ਸਪਲਾਈ ਕਰੇਗਾ। ਹਾਈ ਸਪੀਡ ਸਟਿੰਗਰ ਬਹੁਤ ਸਟੀਕ ਹੁੰਦੇ ਹਨ ਅਤੇ ਹੈਲੀਕਾਪਟਰਾਂ ਨੂੰ ਸ਼ੂਟ ਕਰਨ ਲਈ ਵਰਤੇ ਜਾਂਦੇ ਹਨ। 

ਯੂਕ੍ਰੇਨ ਦੇ ਅਧਿਕਾਰੀ ਇਹ ਸ਼ਕਤੀਸ਼ਾਲੀ ਹਥਿਆਰ ਮੁਹੱਈਆ ਕਰਵਾਉਣ ਦੀ ਬੇਨਤੀ ਕਰ ਰਹੇ ਸਨ। ਐਸਟੋਨੀਆ ਵੀ ਜਨਵਰੀ ਤੋਂ ਯੂਕ੍ਰੇਨ ਨੂੰ ਸਟਿੰਗਰ ਪ੍ਰਦਾਨ ਕਰ ਰਿਹਾ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆਈ ਸਰਕਾਰ ਨੇ ਸੋਮਵਾਰ ਨੂੰ ਇਹ ਵੀ ਘੋਸ਼ਣਾ ਕੀਤੀ ਕਿ ਉਹ ਰੂਸੀ ਹਮਲੇ ਵਿਰੁੱਧ ਯੂਕ੍ਰੇਨ ਦੀ ਸਹਾਇਤਾ ਲਈ ਘਾਤਕ ਫ਼ੌਜੀ ਹਥਿਆਰ ਮੁਹੱਈਆ ਕਰਵਾਏਗੀ ਪਰ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਕਿਹੜੇ ਹਥਿਆਰ ਮੁਹੱਈਆ ਕਰਵਾਏਗੀ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਯੂਕ੍ਰੇਨ ਦੀ ਮਦਦ ਲਈ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਟਰੱਸਟ ਫੰਡ, ਗੈਰ-ਘਾਤਕ ਫ਼ੌਜੀ ਉਪਕਰਣ ਅਤੇ ਡਾਕਟਰੀ ਸਪਲਾਈ ਵਿੱਚ 30 ਲੱਖ ਡਾਲਰ ਦੇ ਯੋਗਦਾਨ ਦਾ ਐਲਾਨ ਕੀਤਾ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਰੂਸ-ਯੂਕ੍ਰੇਨ ਵਿਚਾਲੇ ਯੁੱਧ ਦਾ ਅੱਜ ਪੰਜਵਾਂ ਦਿਨ, ਜਾਣੋ ਹਰ ਘਟਨਾ ਦੀ Live Update 

ਸਵੀਡਨ ਅਤੇ ਫਿਨਲੈਂਡ ਨੇ ਵੀ ਇਹ ਕਿਹਾ ਕਿ ਉਹ ਯੂਕ੍ਰੇਨ ਨੂੰ ਫ਼ੌਜੀ ਸਹਾਇਤਾ ਭੇਜਣਗੇ, ਜਿਸ ਵਿੱਚ ਟੈਂਕ ਵਿਰੋਧੀ ਹਥਿਆਰ, ਹੈਲਮੇਟ ਅਤੇ ਸੁਰੱਖਿਆਤਮਕ ਗੀਅਰ ਸ਼ਾਮਲ ਹਨ। ਸਵੀਡਨ ਦੀ ਪ੍ਰਧਾਨ ਮੰਤਰੀ ਮੈਗਡੇਲੇਨਾ ਐਂਡਰਸਨ ਅਤੇ ਰੱਖਿਆ ਮੰਤਰੀ ਪੀਟਰ ਹਲਕਵਿਸਟ ਨੇ ਐਤਵਾਰ ਨੂੰ ਇੱਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਸਟਾਕਹੋਮ ਯੂਕ੍ਰੇਨ ਦੀ ਫ਼ੌਜ ਦੀ ਮਦਦ ਲਈ 5,000 ਐਂਟੀ-ਟੈਂਕ ਹਥਿਆਰ, 5,000 ਹੈਲਮੇਟ, 5,000 ਰੱਖਿਆ ਢਾਲ ਅਤੇ 135,000 ਫੀਲਡ ਰਾਸ਼ਨ ਭੇਜੇਗਾ। ਫਿਨਲੈਂਡ ਨੇ ਐਤਵਾਰ ਨੂੰ ਇਹ ਵੀ ਕਿਹਾ ਕਿ ਉਹ ਯੂਕ੍ਰੇਨ ਨੂੰ ਸਹਾਇਤਾ ਵਜੋਂ ਦੋ ਐਮਰਜੈਂਸੀ ਮੈਡੀਕਲ ਕੇਅਰ ਸੈਂਟਰਾਂ ਲਈ ਉਪਕਰਨ, 2,000 ਹੈਲਮੇਟ, 2,000 ਬੁਲੇਟਪਰੂਫ ਜੈਕਟਾਂ ਅਤੇ 100 ਸਟ੍ਰੈਚਰ ਭੇਜੇਗਾ।ਬੇਲਾਰੂਸ ਯੂਕ੍ਰੇਨ ਨਾਲ ਜੰਗ ਵਿੱਚ ਰੂਸ ਦਾ ਸਮਰਥਨ ਕਰ ਰਿਹਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News