ਘਰੇਲੂ ਜੰਗ ਵਿਚ ਲਾਪਤਾ 20 ਹਜ਼ਾਰ ਲੋਕਾਂ ਦੀ ਹੋਵੇਗੀ ਜਾਂਚ

01/22/2020 10:29:21 PM

ਕੋਲੰਬੋ (ਏਜੰਸੀ)- ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਇਆ ਰਾਜਪਕਸ਼ੇ ਘਰੇਲੂ ਜੰਗ ਦੌਰਾਨ ਲਾਪਤਾ ਹੋਏ 20 ਹਜ਼ਾਰ ਤੋਂ ਜ਼ਿਆਦਾ ਲੋਕਾਂ ਬਾਰੇ ਜਾਂਚ ਕਰਵਾਉਣਾ ਚਾਹੁੰਦੇ ਹਨ। ਰਾਸ਼ਟਰਪਤੀ ਦਫਤਰ ਨੇ ਬੁੱਧਵਾਰ ਨੂੰ ਇਹ ਸਪੱਸ਼ਟੀਕਰਨ ਰਾਜਪਕਸ਼ੇ ਦੇ ਉਸ ਬਿਆਨ ਤੋਂ ਬਾਅਦ ਜਾਰੀ ਕੀਤਾ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਲਾਪਤਾ ਲੋਕਾਂ ਦੀ ਮੌਤ ਹੋ ਗਈ। ਸ਼੍ਰੀਲੰਕਾ ਵਿਚ ਤਮਿਲ ਬਾਗੀਆਂ ਅਤੇ ਸਰਕਾਰ ਵਿਚਾਲੇ ਤਕਰੀਬਨ ਤਿੰਨ ਦਹਾਕਿਆਂ ਤੱਕ ਘਰੇਲੂ ਜੰਗ ਚੱਲੀ ਸੀ। 2009 ਵਿਚ ਸਖ਼ਤ ਫੌਜੀ ਕਾਰਵਾਈ ਤੋਂ ਬਾਅਦ ਇਹ ਜੰਗ ਖਤਮ ਹੋਈ ਸੀ। ਇਸ ਕਾਰਵਾਈ ਦੀ ਕਮਾਨ ਮੌਜੂਦਾ ਰਾਸ਼ਟਰਪਤੀ ਅਤੇ ਉਸ ਸਮੇਂ ਦੇ ਰੱਖਿਆ ਮੰਤਰੀ ਗੋਤਬਾਇਆ ਦੇ ਹੀ ਹੱਥ ਵਿਚ ਸੀ। ਉਨ੍ਹਾਂ 'ਤੇ ਜੰਗੀ ਅਪਰਾਧ ਵਰਗੇ ਗੰਭੀਰ ਦੋਸ਼ ਵੀ ਲੱਗੇ ਸਨ। ਇਸ ਘਰੇਲੂ ਜੰਗ ਵਿਚ ਤਕਰੀਬਨ ਇਕ ਲੱਖ ਲੋਕ ਮਾਰੇ ਗਏ ਸਨ।

ਗੋਤਬਾਇਆ ਨੇ ਹਾਲ ਹੀ ਵਿਚ ਸੰਯੁਕਤ ਰਾਸ਼ਟਰ ਦੀ ਰੈਜ਼ੀਡੈਂਟ ਕੋਆਰਡੀਨੇਟਰ ਹਾਨਾ ਸਿੰਗਰ ਨਾਲ ਮੁਲਾਕਾਤ ਦੌਰਾਨ ਕਿਹਾ ਸੀ ਕਿ ਲਾਪਤਾ ਲੋਕਾਂ ਬਾਰੇ ਜ਼ਰੂਰੀ ਜਾਂਚ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੌਤ ਦਾ ਸਰਟੀਫਿਕੇਟ ਜਾਰੀ ਕਰਨ ਲਈ ਕਦਮ ਚੁੱਕੇ ਜਾਣਗੇ। ਰਾਸ਼ਟਰਪਤੀ ਦਫਤਰ ਨੇ ਕਿਹਾ ਕਿ ਰਾਜਪਕਸ਼ੇ ਨੇ ਸੰਯੁਕਤ ਰਾਸ਼ਟਰ ਦੀ ਅਧਿਕਾਰੀ ਨੂੰ ਦੱਸਿਆ ਸੀ ਕਿ ਉਹ ਮਾਮਲੇ ਦੀ ਜਾਂਚ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜੋ ਲੋਕ ਇਸ ਲੜਾਈ ਵਿਚ ਮਾਰੇ ਗਏ ਉਨ੍ਹਾਂ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ।

ਸਾਲ 2009 ਵਿਚ ਘਰੇਲੂ ਜੰਗ ਦੀ ਸਮਾਪਤੀ 'ਤੇ ਸਰਕਾਰ ਨੇ ਮਰਦਮਸ਼ੁਮਾਰੀ ਕਰਵਾਈ ਸੀ। ਉਸ ਸਮੇਂ ਇਸ ਗੱਲ ਦਾ ਪਤਾ ਲੱਗਾ ਸੀ ਕਿ ਜ਼ਿਆਦਾਤਰ ਲਾਪਤਾ ਲੋਕਾਂ ਨੂੰ ਲਿੱਟੇ ਨੇ ਆਪਣੀ ਫੌਜ ਵਿਚ ਸ਼ਾਮਲ ਕਰ ਲਿਆ ਸੀ। ਇਸ ਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਕੀਤੀ ਸੀ ਪਰ ਲੜਾਈ ਤੋਂ ਬਾਅਦ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਾ। ਸੱਚਾਈ ਇਹ ਹੈ ਕਿ ਲੜਾਈ ਦੌਰਾਨ ਇਨ੍ਹਾਂ ਲੋਕਾਂ ਦੀ ਮੌਤ ਹੋ ਗਈ ਸੀ। ਫੌਜ ਨਾਲ ਸਬੰਧ ਰੱਖਣ ਵਾਲੇ ਚਾਰ ਹਜ਼ਾਰ ਮੁਲਾਜ਼ਮ ਵੀ ਲਾਪਤਾ ਹਨ। ਇਨ੍ਹਾਂ ਲੋਕਾਂ ਦੀ ਵੀ ਲੜਾਈ ਦੌਰਾਨ ਮੌਤ ਹੋ ਗਈ ਪਰ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਨਹੀਂ ਹੋਈਆਂ।


Sunny Mehra

Content Editor

Related News