ਰੂਸ ’ਚ ਕ੍ਰੈਸ਼ ਹੋਇਆ ਜਹਾਜ਼, ਮਾਰੇ ਗਏ ਸਾਰੇ ਯਾਤਰੀ
Tuesday, Jul 06, 2021 - 06:46 PM (IST)
ਇੰਟਰਨੈਸ਼ਨਲ ਡੈਸਕ : ਰੂਸ ਦੇ ਦੂਰ-ਦੁਰਾਡੇ ਖੇਤਰ ਕਮਚਾਤਕਾ ’ਚ ਮੰਗਲਵਾਰ ਨੂੰ ਲਾਪਤਾ ਹੋ ਗਏ ਇਕ ਜਹਾਜ਼ ਦਾ ਹਿੱਸਾ ਉਸ ਹਵਾਈ ਅੱਡੇ ਦੇ ਰਨਵੇਅ ਤੋਂ 5 ਕਿਲੋਮੀਟਰ ਦੂਰ ਓਖੋਤਸਕ ਸਮੁੰਦਰ ਤੱਟ ’ਤੇ ਮਿਲਿਆ ਹੈ, ਜਿਥੇ ਜਹਾਜ਼ ਉਤਰਨਾ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੇ੍ਰਤੋਪਾਬਲੋਵਿਅਸਕ ਕਮਚਾਤਸਕੋ ਤੋਂ ਪਲਾਨਾ ਸ਼ਹਿਰ ਲਈ 22 ਯਾਤਰੀਆਂ ਤੇ ਚਾਲਕ ਦਲ ਦੇ ਛੇ ਮੈਂਬਰਾਂ ਦੇ ਨਾਲ ਉਡਾਣ ਭਰਨ ਵਾਲਾ ਐਂਤੋਨੋਵ ਏ. ਐੱਨ.-26 ਜਹਾਜ਼ ਉਤਰਨ ਤੋਂ ਪਹਿਲਾਂ ਰਾਡਾਰ ਤੋਂ ਗਾਇਬ ਹੋ ਗਿਆ ਸੀ। ਕਮਚਾਤਕਾ ਦੇ ਗਵਰਨਰ ਵਲਾਦੀਮੀਰ ਸੋਲੋਦੋਵ ਨੇ ਇੰਟਰਫੈਕਸ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਜਹਾਜ਼ ਦਾ ਮੁੱਖ ਹਿੱਸਾ ਸਮੁੰਦਰ ਤੱਟ ਕੋਲ ਜ਼ਮੀਨ ’ਤੇ ਮਿਲਿਆ, ਉਥੇ ਹੀ ਉਸ ਦਾ ਬਾਕੀ ਹਿੱਸਾ ਤੱਟ ਦੇ ਨਜ਼ਦੀਕ ਸਮੁੰਦਰ ’ਚ ਮਿਲਿਆ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦੀ ਉਡੀਕ 'ਚ ਬੈਠੇ ਲੋਕਾਂ ਲਈ ਵੱਡੀ ਖ਼ਬਰ, ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਵਾਲਿਆਂ ਲਈ ਖੁੱਲ੍ਹੇ ਦਰਵਾਜ਼ੇ
ਰੂਸੀ ਮੀਡੀਆ ਦੀਆਂ ਖਬਰਾਂ ਅਨੁਸਾਰ ਦੁਰਘਟਨਾ ’ਚ ਜਹਾਜ਼ ਵਿਚ ਸਵਾਰ 28 ਲੋਕਾਂ ’ਚੋਂ ਇਕ ਵੀ ਜ਼ਿੰਦਾ ਨਹੀਂ ਬਚਿਆ। ਜਹਾਜ਼ ਕਮਚਾਤਕਾ ਐਵੀਏਸ਼ਨ ਐਂਟਰਪ੍ਰਾਈਜ਼ ਕੰਪਨੀ ਦਾ ਸੀ। ਰੂਸੀ ਸਰਕਾਰੀ ਸਮਾਚਾਰ ਏਜੰਸੀ ਤਾਸ ਦੀ ਖਬਰ ਅਨੁਸਾਰ ਜਹਾਜ਼ 1982 ਤੋਂ ਸੇਵਾ ਵਿਚ ਸੀ। ਕੰਪਨੀ ਦੇ ਨਿਰਦੇਸ਼ਕ ਅਲੈਕਸੀ ਖਾਬਾਰੋਵ ਨੇ ਇੰਟਰਫੈਕਸ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਉਡਾਣ ਭਰ ਤੋਂ ਪਹਿਲਾਂ ਜਹਾਜ਼ ਵਿਚ ਤਕਨੀਕੀ ਖਰਾਬੀ ਨਹੀਂ ਸੀ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਕਮਚਾਤਕਾ ਐਵੀਏਸ਼ਨ ਐਂਟਰਪ੍ਰਾਈਜ਼ ਦੇ ਉਪ ਨਿਰਦੇਸ਼ਕ ਸਰਜੇਈ ਗੋਰਬ ਨੇ ਕਿਹਾ ਕਿ ਜਹਾਜ਼ ਇਕ ਸਮੁੰਦਰੀ ਚੱਟਾਨ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ, ਜੋ ਇਸ ਦੇ ਉਤਰਨ ਵਾਲੇ ਰਸਤੇ ਵਿਚ ਨਹੀਂ ਪੈਂਦੀ ਸੀ। ਕਮਚਾਤਕਾ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਜਹਾਜ਼ ਉਤਰਨ ਵਾਲਾ ਸੀ ਤਾਂ ਪਲਾਨਾ ਦੇ ਹਵਾਈ ਅੱਡੇ ਤੋਂ ਲੱਗਭਗ 10 ਕਿਲੋਮੀਟਰ ਦੂਰ ਉਸ ਨਾਲੋਂ ਸੰਪਰਕ ਟੁੱਟ ਗਿਆ। ਪਲਾਨਾ ਦੀ ਸਥਾਨਕ ਸਰਕਾਰ ਦੇ ਮੁਖੀ ਓਲਗਾ ਮੋਖਿਰੇਵਾ ਜਹਾਜ਼ ਵਿਚ ਸਵਾਰ ਸਨ।