ਉਹ ਔਰਤ ਜਿਸ ਲਈ ਫਸ ਪਏ ਸਾਊਦੀ ਅਰਬ ਤੇ ਕੈਨੇਡਾ

Wednesday, Aug 08, 2018 - 10:22 PM (IST)

ਉਹ ਔਰਤ ਜਿਸ ਲਈ ਫਸ ਪਏ ਸਾਊਦੀ ਅਰਬ ਤੇ ਕੈਨੇਡਾ

ਟੋਰਾਂਟੋ/ਰਿਆਦ — ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ 2 ਅਗਸਤ ਨੂੰ ਇਕ ਟਵੀਟ ਕਰਦੇ ਹੋਏ ਲਿੱਖਿਆ ਸੀ, 'ਅਸੀਂ ਬਹੁਤ ਪਰੇਸ਼ਾਨ ਹਾਂ ਕਿ ਰੈਫ ਬਾਦਾਵੀ ਦੀ ਭੈਣ ਸਮਰ ਬਾਦਾਵੀ ਨੂੰ ਸਾਊਦੀ ਅਰਬ 'ਚ ਕੈਦ ਕਰ ਲਿਆ ਗਿਆ ਹੈ। ਇਸ ਸਖਤ ਸਮੇਂ 'ਚ ਕੈਨੇਡਾ ਬਾਦਾਵੀ ਪਰਿਵਾਰ ਦੇ ਨਾਲ ਹੈ ਅਤੇ ਅਸੀਂ ਰੈਫ ਅਤੇ ਸਮਰ ਬਾਦਾਵੀ ਦੀ ਆਜ਼ਾਦੀ ਦੀ ਮੰਗ ਕਰਦੇ ਹਾਂ।' ਇਹ ਟਵੀਟ ਕਰਨ ਤੋਂ ਬਾਅਦ ਸਾਊਦੀ ਅਰਬ ਅਤੇ ਕੈਨੇਡਾ ਵਿਚਾਲੇ ਹਵਾਈ ਸੇਵਾਵਾਂ ਅਤੇ ਕਈ ਹੋਰ ਸੇਵਾਵਾਂ ਬੰਦ ਹੋ ਗਈਆਂ ਅਤੇ ਦੂਜੇ ਪਾਸੇ ਸਿਆਸੀ ਸੰਕਟ ਪੈਦਾ ਹੋ ਗਿਆ ਹੈ। ਅਜਿਹੇ 'ਚ ਸਵਾਲ ਸਾਹਮਣੇ ਆਉਂਦਾ ਹੈ, 'ਆਖਿਰ ਸਮਰ ਬਾਦਾਵੀ ਹੈ ਕੌਣ', ਜਿਸ ਲਈ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਪੈਦਾ ਹੋ ਗਿਆ ਹੈ।

PunjabKesari


ਸਮਰ ਨੂੰ ਸਾਲ 2012 'ਚ ਇੰਟਰਨੈਸ਼ਨਲ ਵੂਮੈਨ ਆਫ ਕਰੈਜ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਸਮਰ ਬਾਦਾਵੀ ਉਹ ਔਰਤ ਹੈ ਜੋ ਸਾਊਦੀ ਅਰਬ 'ਚ ਔਰਤਾਂ 'ਤੇ ਪੁਰਸ਼ਾਂ ਦੀ ਸਰਪ੍ਰਸਤੀ ਦਾ ਵਿਰੋਧ ਕਰ ਰਹੀ ਹੈ। ਸਮਰ ਦੇ ਭਰਾ ਰੈਫ ਬਾਦਾਵੀ ਨੂੰ ਵੀ ਸਾਊਦੀ ਅਰਬ 'ਚ ਇਸਲਾਮ ਦੀ ਨਿੰਦਾ ਕਰਨ ਦੇ ਮਾਮਲੇ 'ਚ ਜੇਲ ਭੇਜ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦੇ ਇਕ ਹੋਰ ਭਰਾ ਨੂੰ ਇੰਟਰਨੈੱਟ 'ਤੇ ਇਸਲਾਮ ਦੀ ਨਿੰਦਾ ਕਰਨ ਦੇ ਮਾਮਲੇ 'ਚ ਸਾਲ 2014 'ਚ ਇਕ ਹਜ਼ਾਰ ਕੋੜਿਆਂ ਦੇ ਨਾਲ 10 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਸੀ। ਕੈਨੇਡਾ ਦੀ ਵਿਦੇਸ਼ ਨੀਤੀ ਵਿਭਾਗ ਨੇ ਸਮਰ ਦੀ ਰਿਹਾਈ ਨੂੰ ਲੈ ਕੇ ਟਵੀਟ ਕਰਕੇ ਲਿੱਖਿਆ ਹੈ, 'ਕੈਨੇਡਾ ਸਿਵਲ ਸੋਸਾਇਟੀ ਅਤੇ ਮਹਿਲਾ ਅਧਿਕਾਰਾਂ ਦੀ ਗੱਲ ਕਰਨ ਵਾਲੀ ਸਮਾਜਸੇਵੀ ਸਮਰ ਬਾਦਾਵੀ ਦੀ ਗ੍ਰਿਫਤਾਰੀ ਨੂੰ ਲੈ ਕੇ ਚਿੰਤਤ ਹੈ। ਅਸੀਂ ਸਾਊਦੀ ਅਧਿਕਾਰੀਆਂ ਤੋਂ ਸਮਰ ਅਤੇ ਦੂਜੇ ਸਮਾਜਸੇਵੀਆਂ ਨੂੰ ਰਿਹਾਅ ਕਰਨ ਦੀ ਅਪੀਲ ਕਰਦੇ ਹਾਂ।'


ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ ਟਵੀਟ 'ਤੇ ਤੁਰੰਤ ਪ੍ਰਤੀਕਿਰਿਆ ਦਿੰਦੇ ਹੋਏ ਆਖਿਆ ਹੈ ਕਿ ਇਹ ਸਾਊਦੀ ਰਾਜ ਦਾ ਅਪਮਾਨ ਹੈ ਅਤੇ ਇਸ ਲਈ ਸਖਤ ਪ੍ਰਤੀਕਿਰਿਆ ਦੀ ਜ਼ਰੂਰਤ ਹੈ, ਜਿਸ ਨਾਲ ਭਵਿੱਖ 'ਚ ਕੋਈ ਸਾਊਦੀ ਹਕੂਮਤ 'ਚ ਦਖਲਅੰਦਾਜ਼ੀ ਕਰਨ ਦੀ ਹਿੰਮਤ ਨਾ ਕਰ ਸਕੇ। ਇਸ ਤੋਂ ਤੁਰੰਤ ਬਾਅਦ ਸਾਊਦੀ ਸਰਕਾਰ ਵੱਲੋਂ ਇਹ ਪ੍ਰਤੀਕਿਰਿਆ ਆਈ ਅਤੇ ਕੈਨੇਡਾ ਦੇ ਰਾਜਦੂਤ ਨੂੰ ਰਿਆਦ ਛੱਡਣ ਲਈ 24 ਘੰਟਿਆਂ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਸਾਊਦੀ ਅਰਬ ਨੇ ਓਟਾਵਾ ਤੋਂ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ ਹੈ ਅਤੇ ਸਾਰੇ ਵਪਾਰ ਅਤੇ ਨਿਵੇਸ਼ ਨਾਲ ਜੁੜੇ ਸਮਝੌਤਿਆਂ ਨੂੰ ਰੋਕ ਲਾ ਦਿੱਤੀ ਹੈ। ਸਾਊਦੀ ਸਰਕਾਰ ਨੇ ਕੈਨੇਡਾ 'ਚ ਰਹਿ ਰਹੇ 15 ਹਜ਼ਾਰ ਸਾਊਦੀ ਯੂਨੀਵਰਸਿਟੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਰੋਕ ਦਿੱਤੀ ਹੈ। ਇਸ ਦੇ ਨਾਲ ਹੀ 7 ਹਜ਼ਾਰ ਪਰਿਵਾਰਾਂ ਨੂੰ ਦੂਜੇ ਦੇਸ਼ਾਂ 'ਚ ਜਾ ਕੇ ਵੱਸਣ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ।

PunjabKesari


ਹਾਲਾਂਕਿ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਸਿਰਫ 3 ਹਜ਼ਾਰ ਅਮਰੀਕੀ ਡਾਲਰ ਦਾ ਹੈ। ਪਰ ਸਾਊਦੀ ਅਰਬ ਅਤੇ ਕੈਨੇਡਾ ਵਿਚਾਲੇ ਫੌਜੀ ਟਰੱਕਾਂ ਨੂੰ ਲੈ ਕੇ ਕੰਟਰੈਕਟ ਚੱਲ ਰਿਹਾ ਹੈ, ਜਿਸ ਦੇ ਤਹਿਤ 15,000 ਮਿਲੀਅਨ ਅਮਰੀਕੀ ਡਾਲਰ 'ਚ ਕੈਨੇਡਾ ਨੇ ਸਾਊਦੀ ਅਰਬ ਨੂੰ ਆਰਮਡ ਟਰੱਕ ਵੇਚਣੇ ਸਨ। ਪਰ ਕੈਨੇਡਾ 'ਚ ਨਵੀਂ ਸਰਕਾਰ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਨ੍ਹਾਂ ਆਲੋਚਨਾਵਾਂ ਖਿਲਾਫ ਕਦਮ ਚੁੱਕਿਆ ਹੈ ਜੋ ਇਕ ਤਾਨਾਸ਼ਾਹੀ ਸਰਕਾਰ ਨੂੰ ਆਰਮਡ ਗੱਡੀਆਂ ਦੇਣ ਨਾਲ ਜੁੜੀ ਸੀ। ਕੈਨੇਡਾ ਦੇ ਇਤਿਹਾਸ 'ਚ ਇਹ ਸਭ ਤੋਂ ਵੱਡਾ ਉਤਪਾਦਨ ਨਾਲ ਜੁੜਿਆ ਸੌਦਾ ਸੀ ਜਿਸ ਕਾਰਨ 3 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋ ਸਕਦੀਆਂ ਹਨ ਪਰ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ਦੇ ਚੱਲਦੇ ਇਸ ਸਮਝੌਤੇ ਦਾ ਭਵਿੱਖ ਸਾਫ ਨਹੀਂ ਹੈ।


Related News